ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੁਪਾਈਆਂ ਗਾ ਚੁੱਕਦਾ ਹੈ ਤਾਂ ਮੰਚ 'ਤੇ ਖੜ੍ਹੇ ਕਲਾਕਾਰ ਇਹਨਾਂ ਚੁਪਾਈਆਂ ਦੇ ਭਾਵਾਂ ਨੂੰ ਸਥਾਨਕ ਬੋਲੀ ਵਿੱਚ ਗੱਲਬਾਤ ਰਾਹੀਂ ਪੇਸ਼ ਕਰਦੇ ਹੋਏ ਅਭਿਨੈ ਕਰਦੇ ਹਨ। ਆਮ ਜਨਤਾ ਦੀ ਬੋਲੀ ਵਿੱਚ ਇਹ ਵਾਰਤਾਲਾਪ ਪੇਸ਼ ਕੀਤੀ ਜਾਂਦੀ ਹੈ ਜਿਸ ਕਰਕੇ ਦਰਸ਼ਕ ਇਹਨਾਂ ਦਾ ਖੂਬ ਆਨੰਦ ਮਾਣਦੇ ਹਨ।

ਮੰਚ ਉੱਤੇ ਇਕੋ ਸਮੇਂ ਕਈ-ਕਈ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਰੰਗਮੰਚ ਨੂੰ ਚਿੱਤਰਾਂ ਤੇ ਕਲਾ ਕਿਰਤਾਂ ਨਾਲ ਸਜਾਇਆ, ਸ਼ਿੰਗਾਰਿਆ ਜਾਂਦਾ ਹੈ। ਝਾਕੀਆਂ ਬੜੀਆਂ ਰੋਚਕ ਤੇ ਮਨਮੋਹਣੀਆਂ ਹੁੰਦੀਆਂ ਹਨ.. ਮੁੱਖ ਝਾਕੀਆਂ ਇਸ ਪ੍ਰਕਾਰ ਹਨ:

ਸੀਤਾ ਸਵੰਬਰ, ਰਾਮ ਦੇ ਵਣਵਾਸ ਜਾਣ ਦਾ ਦ੍ਰਿਸ਼, ਸਰੂਪ ਨਖਾ ਦਾ ਨੱਕ ਕੱਟਣਾ, ਸੀਤਾਹਰਣ, ਹਨੂੰਮਾਨ ਦਾ ਅਸ਼ੋਕ ਵਾਟਿਕਾ ਵਿੱਚ ਸੀਤਾ ਨੂੰ ਮਿਲਣਾ, ਰਾਮ ਤੇ ਰਾਵਣ ਦਾ ਯੁੱਧ, ਹਨੂੰਮਾਨ ਦਾ ਲੰਕਾ ਨੂੰ ਸਾੜਨਾ,ਲੱਛਮਣ ਦਾ ਯੁੱਧ ਵਿੱਚ ਮੂਰਛਤ ਹੋਣਾ, ਹਨੂੰਮਾਨ ਦਾ ਸੰਜੀਵਨੀ ਬੂਟੀ ਲਿਆਉਣ ਸਮੇਂ ਸਾਰੀ ਪਹਾੜੀ ਚੁੱਕ ਲਿਆਉਣੀ, ਯੁੱਧ ਵਿੱਚ ਰਾਵਣ ਦਾ ਨਾਸ਼ ਅਤੇ ਰਾਮ ਦੀ ਜਿੱਤ ਆਦਿ ਦੇ ਦ੍ਰਿਸ਼। ਕਥਾਕਾਰ ‘ਰਾਮ ਚਰਿਤ ਮਾਣਸ' ਵਿੱਚੋਂ ਚੁਪਾਈਆਂ, ਦੋਹੇ ਗਾ ਕੇ ਕਥਾ ਦੀਆਂ ਤੰਦਾਂ ਨੂੰ ਜੋੜਦਾ ਹੈ। ਇਸ ਤਰ੍ਹਾਂ ਰਾਮ ਕਥਾ ਦੀ ਧਾਰਾ ਨਰਿੰਤਰ ਵਗਦੀ ਰਹਿੰਦੀ ਹੈ। ਹਰ ਵਰ੍ਹੇ ਹਜ਼ਾਰਾਂ ਦਰਸ਼ਨ ਇਹਨਾਂ ਝਾਕੀਆਂ ਵਿੱਚ ਸਮੋਏ ਭਗਤੀ-ਰਸ ਤੇ ਸ਼ਿੰਗਾਰ-ਰਸ ਦੇ ਮਾਖਿਓਂ ਦੀਆਂ ਘੁੱਟਾਂ ਭਰਦੇ ਰਹਿੰਦੇ ਹਨ।

ਦੁਸਹਿਰੇ ਵਾਲੇ ਦਿਨ ਰਾਮ ਲੀਲ੍ਹਾ ਦੀ ਆਖੀਰੀ ਝਾਕੀ ਪੇਸ਼ ਕੀਤੀ ਜਾਂਦੀ ਹੈ। ਰਾਮ ਲੀਲ੍ਹਾ ਦੇ ਮੈਦਾਨ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ ਖੜ੍ਹੇ ਕੀਤੇ ਜਾਂਦੇ ਹਨ। ਇਹ ਪੁਤਲੇ ਬੜੇ ਉੱਚੇ-ਲੰਬੇ ਹੁੰਦੇ ਹਨ ਜੋ ਬਾਂਸਾਂ ਦੀਆਂ ਛਟੀਆਂ ਅਤੇ ਕਾਗਜ਼ਾਂ ਦੇ ਬਣੇ ਹੁੰਦੇ ਹਨ। ਇਹਨਾਂ ਵਿੱਚ ਮੁਸਲਮਾਨ ਆਤਿਸ਼ਬਾਜ਼ ਆਤਿਸ਼ਾਜ਼ੀ ਭਰਦੇ ਹਨ। ਇਹ ਪੁਤਲੇ ਬਹੁਤ ਹੀ ਆਕਰਸ਼ਿਤ ਹੁੰਦੇ ਹਨ। ਰਾਮ ਤੇ ਰਾਵਣ ਦੀ ਸੈਨਾ ਵਿੱਚ ਯੁੱਧ ਹੁੰਦਾ ਹੈ ਜਿਸ ਵਿੱਚ ਰਾਵਣ ਮਾਰਿਆ ਜਾਂਦਾ ਹੈ। ਇਸ ਜਿੱਤ ਦੇ ਅਵਸਰ ਤੇ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਪੁਤਲਿਆਂ ਨੂੰ ਅੱਗ ਲੱਗਾ ਦਿੱਤੀ ਜਾਂਦੀ ਹੈ। ਅੱਗ ਲੱਗਦੇ ਸਾਰ ਹੀ ਇਹਨਾਂ ਪੁਤਲਿਆਂ ਵਿੱਚੋਂ ਨਿਕਲੀਆਂ ਅੱਗ ਦੀਆਂ ਲਾਟਾਂ ਤੇ ਧੂੰਆਂ ਅਸਮਾਨ ਛੂਹਣ ਲੱਗਦਾ ਹੈ ਤੇ ਪਟਾਖਿਆਂ ਤੇ ਗੋਲਿਆਂ ਦੀਆਂ ਆਵਾਜ਼ਾਂ ਕੰਨਾਂ ਨੂੰ ਚੀਰਦੀਆਂ ਹਨ। ਆਤਿਸ਼ਬਾਜ਼ ਆਤਿਸ਼ਬਾਜ਼ੀ ਦੀਆਂ ਭਿੰਨ ਭਿੰਨ ਪ੍ਰਕਾਰ ਦੀਆਂ ਖੇਡਾਂ ਖੇਡ ਕੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਗਟਾਵਾ ਕਰਦੇ ਹਨ। ਅੱਜਕਲ੍ਹ ਵੀ ਦੁਸਹਿਰੇ ਦੇ ਅਵਸਰ ’ਤੇ ਰਾਮ ਲੀਲ੍ਹਾ ਬੜੇ ਜੋਸ਼ ਨਾਲ ਖੇਡੀ ਜਾਂਦੀ ਹੈ ਪਰੰਤੂ ਹੁਣ ਦਰਸ਼ਕਾਂ ਵਿੱਚ ਪਹਿਲਾਂ ਵਾਂਗ ਉਤਸ਼ਾਹ ਨਹੀਂ ਰਿਹਾ।

96/ਪੰਜਾਬੀ ਸਭਿਆਚਾਰ ਦੀ ਆਰਸੀ