ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਨ। ਇਹਨਾਂ ਮੇਲਿਆਂ ਤੇ ਕਿਧਰੇ ਕਵੀਸ਼ਰਾਂ ਦੇ ਗੌਣ, ਕਿਧਰੇ ਢਡ-ਸਾਰੰਗੀ ਵਾਲਿਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਆਪਣਾ ਜਲੌ ਵਖਾ ਰਹੇ ਹੁੰਦੇ ਹਨ। ਕਿਸੇ ਪਾਸੇ ਗੱਭਰੂਆਂ ਦੀਆਂ ਟੋਲੀਆਂ ਖੜਤਾਲਾਂ, ਕਾਟੋਆਂ ਅਤੇ ਛੈਣਿਆਂ ਦੇ ਤਾਲ ਨਾਲ ਲੰਬੀਆਂ ਬੋਲੀਆਂ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ।

ਛਪਾਰ ਦੇ ਮੇਲੇ ਦਾ ਜ਼ਿਕਰ ਪੰਜਾਬੀਆਂ ਦੇ ਮਨਾਂ ਵਿੱਚ ਅਨੁਠੀਆਂ ਤਰਬਾਂ ਛੇੜ ਦੇਂਦਾ ਹੈ। ਕਈ ਪੁਰਾਣੀਆਂ ਯਾਦਾਂ ਆ ਝੁਰਮਟ ਪਾਉਂਦੀਆਂ ਹਨ।

ਛਪਾਰ, ਜ਼ਿਲ੍ਹਾ ਲੁਧਿਆਣਾ ਦਾ ਇਕ ਪ੍ਰਸਿੱਧ ਪਿੰਡ ਹੈ ਜਿਹੜਾ ਲੁਧਿਆਣਾ ਤੋਂ ਮਲੇਰਕੋਟਲੇ ਨੂੰ ਜਾਂਦੀ ਸੜਕ ਉੱਤੇ ਮੰਡੀ ਅਹਿਮਦਗੜ੍ਹ ਦੇ ਲਾਗੇ ਵਸਿਆ ਹੋਇਆ ਹੈ। ਇੱਥੇ ਭਾਦੋਂ ਦੀ ਚਾਨਣੀ ਚੌਦੇ ਨੂੰ ਮਾਲਵੇ ਦਾ ਹਰਮਨ ਪਿਆਰਾ ਮੇਲਾ ਲੱਗਦਾ ਹੈ ਜਿਹੜਾ ਛਪਾਰ ਦੇ ਮੇਲੇ ਦੇ ਨਾਂ ਨਾਲ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ।

ਆਰੀ ਆਰੀ ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਰਗ ਤੋਂ ਭਾਰੀ
ਕੱਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾਲੀਆਂ ਚਾਲੀ
ਤਿੰਨ ਸੇਰ ਸੋਨਾ ਲੁਟਿਆ
ਭਾਨ ਲੁਟਲੀ ਹੱਟੀ ਦੀ ਸਾਰੀ
ਸੰਤ ਸਿੰਘ ਨਾਮ ਦੱਸ ਗਿਆ
ਜੀਹਦੇ ਚਲਦੇ ਮੁਕੱਦਮੇ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲ ਪੁਲਿਸ ਚੜ੍ਹੀ ਸੀ ਸਾਰੀ
ਇੱਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਮੰਗੁ ਖੇੜੀ ਦਾ ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਡਿੱਗਿਆ
ਜਿਵੇਂ ਹਲ ਤੋਂ ਡਿੱਗੇ ਪੰਜਾਲੀ
ਤੈਂ ਕਿਉਂ ਛੇੜੀ ਸੀ-
ਨਾਗਾਂ ਦੀ ਪਟਿਆਰੀ

ਇਹ ਮੇਲਾ ਗੁੱਗੇ ਦੀ ਮਾੜੀ 'ਤੇ ਲੱਗਦਾ ਹੈ। ਕਹਿੰਦੇ ਹਨ ਇਸ ਮਾੜੀ ’ਤੇ ਲੱਗੀਆਂ ਇੱਟਾਂ ਬੀਕਾਨੇਰ ਤੋਂ ਗੁੱਗੇ ਦੀ ਕਿਸੇ ਮਾੜੀ ਤੋਂ ਲਿਆ ਕੇ ਲਾਈਆਂ ਗਈਆਂ ਹਨ।

ਕਿਹਾ ਜਾਂਦਾ ਹੈ ਕਿ ਗੁੱਗਾ ਚੌਹਾਨ ਰਾਜਪੂਤ ਸੀ। ਬੀਕਾਨੇਰ ਦੇ ਇਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖਨਾਥ ਦੇ ਵਰ ਨਾਲ ਰਾਣੀ ਬਾਛਲ ਦੀ ਕੁੱਖੋਂ ਗੁੱਗੇ ਦਾ ਜਨਮ ਹੋਇਆ। ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਦੇ ਪੁੱਤਰਾਂ ਸੁਰਜਣ ਤੇ ਅਰਜਣ

98/ਪੰਜਾਬੀ ਸਭਿਆਚਾਰ ਦੀ ਆਰਸੀ