ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਲ ਹੋ ਗਈ। ਝਗੜਾ ਵਿਆਹ ਦਾ ਸੀ। ਗੁੱਗਾ ਗੋਪੀ ਰਾਣੀ ਦੀ ਪਰੀਆਂ ਵਰਗੀ ਧੀ ਸਿਲੀਅਰ ਨੂੰ ਵਿਆਹੁਣਾ ਚਾਹੁੰਦਾ ਸੀ ਪਰੰਤੂ ਅਰਜਨ ਤੇ ਸੁਰਜਣ ਆਪ ਉਸ ਪਰੀ ’ਤੇ ਫਿਦਾ ਸਨ। ਬਚਪਨ ਵਿੱਚ ਗੁੱਗੇ ਦੀ ਮੰਗਣੀ ਸਿਲੀਅਰ ਨਾਲ ਹੋ ਚੁੱਕੀ ਸੀ। ਅਰਜਣ ’ਤੇ ਸੁਰਜਣ ਨੇ ਜ਼ੋਰ ਪਾਕੇ ਇਹ ਮੰਗਣੀ ਤੁੜਵਾ ਦਿੱਤੀ। ਏਸ ਤੇ ਗੁੱਗੇ ਨੇ ਨਾਗਾਂ ਅੱਗੇ ਸਹਾਇਤਾ ਲਈ ਅਰਾਧਨਾ ਕੀਤੀ।ਨਾਗਾਂ ਦੇ ਰਾਜਾ ਟੀਕੂ ਨੇ ਗੁੱਗੇ ਦੀ ਸਹਾਇਤਾ ਲਈ ਨਾਗ਼ ਦਾ ਰੂਪ ਧਾਰ ਕੇ ਬਾਗ ਵਿੱਚ ਝੂਟਦੀ ਸਿਲੀਅਰ ਨੂੰ ਜਾ ਡੱਸਿਆ। ਸਿਲੀਅਰ ਬੇਹੋਸ਼ ਹੋ ਗਈ ਤੇ ਡਿੱਗ ਪਈ। ਰਾਣੀ ਗੋਪੀ ਲੱਗੀ ਵਿਰਲਾਪ ਕਰਨ। ਟੀਕੂ ਮਨੁੱਖਾ ਰੂਪ ਧਾਰ ਕੇ ਆਣ ਪੁੱਜਾ। ਉਸ ਨੇ ਗੋਪੀ ਨੂੰ ਆਖਿਆ ਕਿ ਉਹ ਇਕ ਸ਼ਰਤ 'ਤੇ ਉਸ ਦੀ ਧੀ ਨੂੰ ਜਿਉਂਦਾ ਕਰ ਸਕਦਾ ਹੈ ਜੇਕਰ ਉਹ ਉਸ ਦੀ ਸ਼ਾਦੀ ਗੁੱਗੇ ਨਾਲ ਕਰ ਦੇਵੇ। ਗੋਪੀ ਨੇ ਇਹ ਸ਼ਰਤ ਪ੍ਰਵਾਨ ਕਰ ਲਈ। ਟੀਕੂ ਨੇ ਮੰਤਰਾਂ ਨਾਲ ਸਿਲੀਅਰ ਨੂੰ ਜਿਉਂਦਾ ਕਰ ਦਿੱਤਾ। ਗੁੱਗੇ ਦੀ ਸ਼ਾਦੀ ਹੋ ਗਈ। ਅਰਜਣ ਤੇ ਸੁਰਜਣ ਇਹ ਕਦੋਂ ਬਰਦਾਸ਼ਤ ਕਰ ਸਕਦੇ ਸਨ। ਉਹਨਾਂ ਨੇ ਜ਼ਬਰਦਸਤੀ ਸਿਲੀਅਰ ਨੂੰ ਖੋਹਣਾ ਚਾਹਿਆ। ਲੜਾਈ ਵਿੱਚ ਗੁੱਗੇ ਨੇ ਅਰਜਣ ਅਤੇ ਸੁਰਜਣ ਮਾਰ ਦਿੱਤੇ।ਏਸ ਗੱਲ ਦਾ ਪਤਾ ਜਦੋਂ ਗੁੱਗੇ ਦੀ ਮਾਂ ਬਾਛਲ ਨੂੰ ਲੱਗਿਆ ਤਾਂ ਉਹ ਬਹੁਤ ਨਾਰਾਜ਼ ਹੋ ਗਈ। ਉਸ ਨੇ ਗੁੱਗੇ ਨੂੰ ਆਖਿਆ ਕਿ ਉਹ ਕਲੰਕੀ ਮੂੰਹ ਲੈ ਕੇ ਉਸ ਦੇ ਮੱਥੇ ਨਾ ਲੱਗੇ।ਮਾਂ ਦੀ ਕਾਨੀ ਦਾ ਗੁੱਗੇ ਤੇ ਐਨਾ ਅਸਰ ਹੋਇਆ ਕਿ ਉਸ ਨੇ ਧਰਤੀ ਮਾਂ ਨੂੰ ਵਿਹਲ ਦੇਣ ਲਈ ਅਰਜ਼ ਕੀਤੀ ਤਾਂ ਜੋ ਉਹ ਉਹਦੇ ਵਿੱਚ ਸਮਾ ਸਕੇ। ਧਰਤੀ ਮਾਂ ਤਾਂ ਮੁਸਲਮਾਨਾਂ ਨੂੰ ਹੀ ਆਪਣੇ ਵਿੱਚ ਥਾਂ ਦੇਂਦੀ ਹੈ। ਇਸ ਲਈ ਗੁੱਗਾ ਇਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ। ਧਰਤੀ ਮਾਤਾ ਨੇ ਉਸ ਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸਮਾ ਲਿਆ। ਇਸ ਕੌਤਕ ਨੇ ਗੁੱਗੇ ਦੀ ਪ੍ਰਸਿੱਧੀ ਸਾਰੇ ਦੇਸ ਵਿੱਚ ਕਰ ਦਿੱਤੀ। ਤਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।

ਜਨਮ ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਮਾੜੀਆਂ ਉੱਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹਦੀਆਂ ਹਨ ਅਤੇ ਸੱਪਾਂ ਦੀਆਂ ਵਿਰਮੀਆਂ ਵਿੱਚ ਦੁੱਧ ਪਾਉਂਦੀਆਂ ਹਨ।

ਛਪਾਰ ਦੀ ਮਾੜੀ ਗੁੱਗਾ ਭਗਤਾਂ ਲਈ ਤੀਰਥ ਸਥਾਨ ਹੈ। ਮੇਲੇ ਨੂੰ ਇਸ ਦੀ ਜ਼ਿਆਰਤ ਕਰਨ ਦਾ ਵਿਸ਼ੇਸ਼ ਮਹਾਤਮ ਸਮਝਿਆ ਜਾਂਦਾ ਹੈ। ਚੌਦੇ ਦੀ ਰਾਤ ਨੂੰ ਸ਼ਰਧਾਲੂ ਮਾੜੀ ਉੱਤੇ ਜਾ ਕੇ ਚੌਕੀਆਂ ਭਰਦੇ ਹਨ। ਬਹੁਤੇ ਆਪਣੇ ਪਰਿਵਾਰਾਂ ਤੇ ਪਸ਼ੂਆਂ ਸਮੇਤ ਚੌਕੀਆਂ ਭਰ ਰਹੇ ਹੁੰਦੇ ਹਨ-ਜਦੋਂ ਸਾਰੇ ਮਾੜੀ ਦੇ ਦਲਾਨ ਵਿੱਚ ਬੈਠ ਜਾਂਦੇ ਹਨ ਤਦ ਗੁੱਗੇ ਦੇ ਸਵਯਏ, ਡੌਰੂਆਂ ਅਤੇ ਸਾਰੰਗੀਆਂ ਦੇ ਸੰਗੀਤ ਵਿੱਚ ਗੁੱਗੇ ਦੀ ਉਸਤਤੀ ਵਿੱਚ ਭੇਟਾਂ ਗਾਉਣਾ ਸ਼ੁਰੂ ਕਰ ਦੇਂਦੇ ਹਨ। ਇਸ ਦਿਨ ਮਾੜੀ ਦਾ ਮੁਖੀ ਭਗਤ ਆਪਣੇ ਖ਼ਾਸ ਵੇਸ ਵਿੱਚ ਹੁੰਦਾ ਹੈ। ਜਿਉਂ-ਜਿਉਂ ਡੌਰੂਆਂ ਦੇ ਤਾਲ ਵਿੱਚ ਭੇਟਾਂ ਦੀ ਹੋਂ ਤੇਜ਼ ਹੁੰਦੀ ਜਾਂਦੀ ਹੈ, ਤਿਉਂ ਤਿਉਂ ਭਗਤਾਂ ਨੂੰ ਜੋਸ਼ ਚੜਨਾ ਸ਼ੁਰੂ ਹੋ ਜਾਂਦਾ ਹੈ। ਇਸ ਦਸ਼ਾ ਨੂੰ ਸ਼ਰਧਾਲੂ ਮਿਹਰ ਆਉਣਾ ਆਖਦੇ ਹਨ। ਜਦੋਂ ਭਗਤ ਵਿੱਚ ਮਿਹਰ ਆ ਜਾਂਦੀ ਹੈ ਤਾਂ ਸਵਯਏ ਪੀਰ ਨਾਹਰ ਸਿੰਘ ਦਾ ਸੋਹਲਾ ‘ਬਹੁੜ ਖੁਆਜੇ ਸਾਂਈਂ ਨੇ ਨਵਾਲੇ ਜੀ' ਪੂਰੇ ਜੋਸ਼ ਵਿੱਚ ਗਾਉਣਾ ਆਰੰਭ ਕਰ ਦੇਂਦੇ ਹਨ ਤੇ ਭਗਤ ਹਾਤ-ਹਾਰ ਕਰਦਾ ਹੋਇਆ ਸੰਗਲੀਆਂ ਵਾਲੀ ਲੋਹੇ ਦੀ ਛੜੀ ਲੈ ਕੇ ਆਪਣੀ ਪਿੱਠ ’ਤੇ ਮਾਰਨਾ ਸ਼ੁਰੂ ਕਰ ਦੇਂਦਾ ਹੈ। ਭਗਤ ਦੀ ਸ਼ੀ-ਸ਼ੀ ਅਤੇ ਘੁੰਮ ਰਹੀ ਛੜੀ ਦੀਆਂ ਸੰਗਲੀਆਂ ਦੀ ਆਵਾਜ਼ ਦਰਸ਼ਕਾਂ ਤੇ ਅਗੰਮੀ ਪ੍ਰਭਾਵ ਪਾਉਂਦੀਆਂ ਹਨ। ਚਾਰੇ ਪਾਸੇ ਤੋਂ “ਧੰਨ ਗੁੱਗਾ ਜ਼ਾਹਰ ਪੀਰ’, ‘ਧੰਨ ਗੁੱਗਾ ਜ਼ਾਹਰ ਪੀਰ’ ਦੀਆਂ ਧੁਨੀਆਂ ਬੁਲੰਦ ਹੁੰਦੀਆ ਹਨ। ਭਗਤ ਖੇਲਦਾ

99/ਪੰਜਾਬੀ ਸਭਿਆਚਾਰ ਦੀ ਆਰਸੀ