ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਰ੍ਹਾਂ ਦਿਨੋਂ-ਦਿਨ ਹਜ਼ਰਤ ਸ਼ੇਖ਼ ਦੀ ਮਹਿਮਾਂ ਵਧਦੀ ਗਈ। ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਉਹਨਾਂ ਦੇ ਮੁਰੀਦ ਬਣਦੇ ਗਏ। 1510 ਈ: ਵਿੱਚ ਉਨ੍ਹਾਂ ਨੇ ਆਪਣਾ ਚੋਲਾ ਛੱਡਿਆ।

ਮਲੇਰਕੋਟਲੇ ਦੇ ਪੱਛਮ ਦੀ ਇਕ ਗੁੱਠੇ ਬੜੀ ਉੱਚੀ ਥਾਂ 'ਤੇ ਹਦਰ ਸ਼ੇਖ਼ ਦਾ ਮਜ਼ਾਰ ਹੈ। ਇਸ ਮਜ਼ਾਰ ਤੇ ਚਾਰ ਮੇਲੇ ਲੱਗਦੇ ਹਨ। ਇਹ ਮੇਲੇ ਨਿਮਾਣੀ ਇਕਾਦਸ਼ੀ, ਹਾੜ, ਅੱਸੂ ਅਤੇ ਕੱਤਕ ਮਹੀਨੇ ਦੇ ਜੇਠੇ ਵੀਰਵਾਰ ਨੂੰ ਲੱਗਦੇ ਹਨ ਪਰੰਤੂ ਨਿਮਾਣੀ ਇਕਾਦਸ਼ੀ ਨੂੰ ਵਿਸ਼ੇਸ਼ ਮੇਲਾ ਲੱਗਦਾ ਹੈ। ਲੱਖਾਂ ਸ਼ਰਧਾਲੂ ਇਸ ਮੇਲੇ 'ਤੇ ਪੁੱਜ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵੀ ਵਿਅਕਤੀ ਹਦਰ ਸ਼ੇਖ ਦੀ ਸੁਖ ਸੁੱਖਦਾ ਹੈ ਉਸ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ। ਬਹੁਤੇ ਲੋਕੀ ਆਪਣੀ ਔਲਾਦ ਦੀ ਸੁਖ ਸੁੱਖਦੇ ਹਨ। ਹਦਰ ਸ਼ੇਖ਼ ਹਰ ਕਿਸੇ ਦੀ ਸੁਖ ਪੂਰੀ ਕਰਦਾ ਹੈ:

ਬੁੱਢੀਏ ਸੁੱਖ ਬੱਕਰਾ
ਤੇਰੇ ਤੇ ਫੇਰ ਜਵਾਨੀ ਆਵੇ
ਅਤੇ
ਬੁੱਢੀ ਲਈ ਬੱਕਰਾ
ਹਦਰ ਸ਼ੇਖ਼ ਨੂੰ ਜਾਵੇ

ਮੇਲੇ ਵਿੱਚ ਸ਼ਰਧਾਲੂ ਹਦਰ ਸ਼ੇਖ਼ ਦੇ ਮਜ਼ਾਰ ਤੇ ਬੱਕਰੇ, ਮੁਰਗੇ, ਘੋੜੇ, ਕੱਪੜੇ, ਅਨਾਜ ਅਤੇ ਨਕਦੀ ਦੇ ਰੂਪ ਵਿੱਚ ਭੇਟ ਚੜ੍ਹਾਉਂਦੇ ਹਨ। ਖ਼ਲੀਫ਼ਾ ਇਹ ਨਿਆਜ਼ ਸਾਂਭਦਾ ਹੈ। ਬਹੁਤੇ ਸ਼ਰਧਾਲੂ ਨੰਗੇ ਪੈਰੀਂ ਡੰਡੌਤ ਕਰਦੇ ਹੋਏ ਹਦਰ ਸ਼ੇਖ਼ ਦੀ ਜ਼ਿਆਰਤ ਕਰਦੇ ਹਨ:

ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫ਼ਕੀਰ ਧਿਆਵਾਂ
ਹਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂਮਾਨ ਦੀ ਦੇਵਾਂ ਮੰਨੀ
ਰਤੀ ਫ਼ਰਕ ਨਾ ਪਾਵਾਂ
ਜੇ ਸੁਰਮਾਂ ਤੂੰ ਬਣਜੇਂ ਸੁਹਣੀਏਂ
ਮੈਂ ਲੈ ਕੇ ਅੱਖਾਂ ਵਿੱਚ ਪਾਵਾਂ
ਮੇਰੇ ਹਾਣ ਦੀਏ-
ਮੈਂ ਤੇਰਾ ਜਸ ਗਾਵਾਂ

ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਲੋਕੀ ਆਉਣੇ ਸ਼ੁਰੂ ਹੋ ਜਾਂਦੇ ਹਨ। ਬੁੱਧਵਾਰ ਦੀ ਰਾਤ ਨੂੰ ਚੌਕੀਆਂ ਭਰੀਆਂ ਜਾਂਦੀਆਂ ਹਨ। ਦਰਗਾਹ ਉੱਤੇ ਚਰਾਗ਼ ਜਲਾਏ ਜਾਂਦੇ ਹਨ। ਚੇਲੇ ਵਜਦ ਵਿੱਚ ਆ ਕੇ ਸ਼ੇਖ ਦੀ ਉਸਤਤੀ ਵਿੱਚ ਭੇਟਾਂ ਗਾਉਂਦੇ ਹੋਏ ਖੇਲ੍ਹਣ ਲੱਗ ਜਾਂਦੇ ਹਨ। ਉਹਨਾਂ ਦੇ ਵਿਸ਼ਵਾਸ ਅਨੁਸਾਰ ਉਸ ਸਮੇਂ ਹਜ਼ਰਤ ਸ਼ੇਖ ਦੀ ਰੂਹ ਉਨ੍ਹਾਂ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਉਹ ਪੁੱਛਾਂ ਦਿੰਦੇ ਹਨ। ਮੇਲੇ ਤੇ ਆਇਆ ਹਰ ਯਾਤਰੀ ਆਉਣ ਵੇਲ਼ੇ ਅਤੇ ਜਾਣ ਵੇਲ਼ੇ ਹਦਰ ਸ਼ੇਖ਼ ਨੂੰ ਸਲਾਮ ਕਰਕੇ ਜਾਂਦਾ ਹੈ।

103/ ਪੰਜਾਬੀ ਸਭਿਆਚਾਰ ਦੀ ਆਰਸੀ