ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਦਰ ਸ਼ੇਖ ਨੂੰ "ਲਾਲਾਂ ਵਾਲ਼ੇ" ਦੇ ਨਾਂ ਨਾਲ਼ ਵੀ ਯਾਦ ਕੀਤਾ ਜਾਂਦਾ ਹੈ। ਬਹੁਤੇ ਲੋਕ ਲਾਲਾਂ ਵਾਲ਼ੇ ਦਾ ਰੋਟ ਸੁਖਦੇ ਹਨ ਤੇ ਮੇਲੇ ਤੇ ਰੋਟ ਚੜ੍ਹਾਉਂਦੇ ਹਨ।

ਮਲੇਰਕੋਟਲੇ ਦੀ ਈਦਗਾਹ ਦੇ ਕੋਲ ਹੀ ਹਦਰ ਸ਼ੇਖ਼ ਦੀ ਲੜਕੀ "ਬੀਬੀ ਮਾਂਗੋਂ" ਦਾ ਮਜ਼ਾਰ ਹੈ। ਕਹਿੰਦੇ ਹਨ ਇੱਥੇ ਵੀ ਸੁਖਾਂ ਵਰ ਆਉਂਦੀਆਂ ਹਨ। ਮਾਂਗੋਂ ਬਾਰੇ ਰਵਾਇਤ ਹੈ ਕਿ ਉਹ ਟੁਹਾਣੇ ਵਿਆਹੀ ਹੋਈ ਸੀ। ਇਕ ਵਾਰ ਉਹ ਆਪਣੇ ਪਤੀ ਨਾਲ਼ ਕਿਸੇ ਗੱਲੋਂ ਨਰਾਜ਼ ਹੋ ਕੇ ਕੋਟਲੇ ਨੂੰ ਤੁਰ ਪਈ। ਕਹਾਰ ਉਹਦਾ ਡੋਲਾ ਚੁੱਕੀਂ ਆ ਰਹੇ ਸਨ ਕਿ ਮਲੇਰ ਪਿੰਡ ਕੋਲ ਆ ਕੇ ਉਹਨੇ ਮਹਿਸੂਸ ਕੀਤਾ ਕਿ ਉਹ ਕਿਹੜੇ ਮੂੰਹ ਨਾਲ਼ ਸ਼ੇਖ਼ ਦੇ ਮੱਥੇ ਲੱਗੇਗੀ। ਵਾਪਸ ਜਾਣਾ ਨਹੀਂ ਸੀ ਚਾਹੁੰਦੀ। ਉਹਨੇ ਧਰਤੀ ਮਾਤਾ ਅੱਗੇ ਅਰਦਾਸ ਕੀਤੀ ਕਿ ਉਹ ਉਹਨੂੰ ਧਰਤੀ ਵਿੱਚ ਹੀ ਥਾਂ ਦੇ ਦੇਵੇ। ਕਹਿੰਦੇ ਹਨ ਧਰਤੀ ਨੇ ਉਹਨੂੰ ਵਿਹਲ ਦੇ ਦਿੱਤੀ ਤੇ ਉਹ ਧਰਤੀ ਵਿੱਚ ਸਮਾ ਗਈ। ਉਸ ਦੀ ਚੁੰਨੀ ਹੀ ਧਰਤੀ 'ਤੇ ਰਹਿ ਗਈ।

ਮੇਲੇ ਵਾਲ਼ੇ ਦਿਨ ਸ਼ਰਧਾਲੂ ਆਪਣੀਆਂ ਸੁਖਾਂ ਲਾਹੁਣ ਲਈ ਬੀਬੀ ਮਾਂਗੋ ਦੇ ਮਜ਼ਾਰ 'ਤੇ ਵੀ ਜਾਂਦੇ ਹਨ। ਇਸ ਮਜ਼ਾਰ ਉੱਤੇ ਚੁੰਨੀਆਂ ਅਤੇ ਚੂਰਮਾ ਚੜ੍ਹਾਇਆ ਜਾਂਦਾ ਹੈ।

ਸੁੱਖਾਂ ਸੁਖਣ ਤੇ ਲਾਹੁਣ ਵਾਲ਼ੇ ਮਜ਼ਾਰ ਦੀ ਜ਼ਿਆਰਤ ਕਰਦੇ ਹਨ ਪਰੰਤੂ ਬਹੁਤੇ ਲੋਕ ਮੇਲੇ ਦਾ ਰੰਗ ਮਾਨਣ ਲਈ ਹੀ ਆਉਂਦੇ ਹਨ। ਇਹ ਮੇਲਾ ਆਪਣੇ ਅਸਲੀ ਰੰਗ ਵਿੱਚ ਦਰਗਾਹ ਤੋਂ ਪਰ੍ਹੇ ਹੀ ਲੱਗਦਾ ਹੈ। ਇੱਥੇ ਉਹ ਸਾਰੇ ਰੰਗ ਤਮਾਸ਼ੇ ਅਤੇ ਲੁੱਚ ਪਹੁ ਹੁੰਦਾ ਹੈ। ਜਿਹੜਾ ਛਪਾਰ ਦੇ ਮੇਲੇ 'ਤੇ ਹੁੰਦਾ ਹੈ।

ਗਿੱਧੇ ਦੀਆਂ ਬੋਲੀਆਂ ਪਾਉਂਦੇ ਗੱਭਰੂ, ਕਵੀਸ਼ਰਾਂ ਤੇ ਢਾਡੀਆਂ ਦੇ ਅਖਾੜੇ, ਘੋਲ਼, ਸਰਕਸਾਂ, ਜਿੰਦਾ ਨਾਚ ਗਾਣੇ, ਨਚਾਰਾਂ ਦੇ ਜਲਸੇ ਅਤੇ ਹੋਰ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਮੇਲਾ ਦੇਖਣ ਆਏ ਦਰਸ਼ਕਾਂ ਦੀ ਸਭਿਆਚਾਰਕ ਭੁੱਖ ਦੂਰ ਕਰਦੇ ਹਨ।

ਇਸ ਮੇਲੇ ਵਿੱਚ ਸਭ ਧਰਮਾਂ ਦੇ ਲੋਕ ਸ਼ਰੀਕ ਹੁੰਦੇ ਹਨ। ਇਹ ਮੇਲਾ ਸਾਡੀ ਸੰਪ੍ਰਦਾਇਕ ਏਕਤਾ ਦਾ ਪ੍ਰਤੀਕ ਵੀ ਹੈ।

104/ ਪੰਜਾਬੀ ਸਭਿਆਚਾਰ ਦੀ ਆਰਸੀ