ਜਗਰਾਵਾਂ ਦੀ ਰੌਸ਼ਨੀ
ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਮਾਲਵੇ ਦਾ ਇਕ ਪ੍ਰਸਿੱਧ ਮੇਲਾ ਹੈ ਜਿਹੜਾ 13, 14 ਅਤੇ 15 ਫੱਗਣ ਨੂੰ ਜਗਰਾਵਾਂ ਵਿਖੇ ਬੜੀ ਧੂਮ-ਧਾਮ ਨਾਲ਼ ਲੱਗਦਾ ਹੈ। ਜਗਰਾਉਂ ਜਿਲ੍ਹਾ ਲੁਧਿਆਣਾ ਦਾ ਕਾਫੀ ਵੱਡਾ ਕਸਬਾ ਹੈ ਜਿਹੜਾ ਲੁਧਿਆਣੇ ਤੋਂ 35 ਕਿਲੋਮੀਟਰ ਦੇ ਫਾਸਲੇ ਤੇ ਲੁਧਿਆਣਾ ਫ਼ਿਰੋਜ਼ਪੁਰ ਸੜਕ ਤੇ ਵਸਿਆ ਹੋਇਆ ਹੈ। ਕਹਿੰਦੇ ਹਨ ਦੋ ਸੌ ਵਰ੍ਹੇ ਪਹਿਲਾਂ ਇਸ ਕਸਬੇ ਨੂੰ ਰਾਏ ਕਾਹਲਾ ਨੇ ਆਬਾਦ ਕੀਤਾ ਸੀ ਤੇ ਸ਼ਹਿਰ ਦੀ ਵਿਉਂਤ ਲੱਪੇ ਸ਼ਾਹ ਨਾਮੀ ਫ਼ਕੀਰ ਨੇ ਉਲੀਕੀ ਸੀ। ਲੋਕ ਵਿਸ਼ਵਾਸ ਅਨੁਸਾਰ ਉਹ ਜਿਵੇਂ-ਜਿਵੇਂ ਉਂਗਲੀ ਵਾਹੁੰਦਾ ਗਿਆ ਤਿਵੇਂ-ਤਿਵੇਂ ਸ਼ਹਿਰ ਆਬਾਦ ਹੁੰਦਾ ਗਿਆ। ਲੱਪੇ ਸ਼ਾਹ ਦਾ ਮਜ਼ਾਰ ਜਗਰਾਵਾਂ ਦੇ ਵਿੱਚਕਾਰ ਸਥਿਤ ਹੈ। ਜਗਰਾਉਂ ਬਾਰੇ ਇਕ ਅਖਾਣ ਹੈ:
ਜਗਰਾਵਾਂ ਠੰਡੀਆਂ ਛਾਵਾਂ
ਲੁਧਿਆਣੇ ਲੋਅ ਚਲਦੀ
ਇੱਥੇ ਠੰਡ ਵਰਤਾਉਣ ਵਾਲ਼ੇ ਪੰਜ ਫ਼ਕੀਰ ਰਹਿੰਦੇ ਸਨ- ਲੱਪੇ ਸ਼ਾਹ, ਮਹਿੰਦੀ ਸ਼ਾਹ, ਟੁੰਡੇ ਸ਼ਾਹ, ਕਾਲ਼ੇ ਸ਼ਾਹ ਅਤੇ ਮੋਹਕਮ ਦੀਨ। ਇਹ ਇਕੱਠੇ ਜਗਰਾਉਂ ਦੇ ਪੱਛਮ ਵੱਲ ਇਕ ਝੜੀ ਵਿੱਚ ਰਿਹਾ ਕਰਦੇ ਸਨ। ਇਹਨਾਂ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲੀ ਹੋਈ ਸੀ। ਮੋਹਕਮ ਦੀਨ ਇਕ ਪੁੱਜਿਆ ਹੋਇਆ ਦਰਵੇਸ਼ ਸੀ। ਉਸ ਬਾਰੇ ਕਈ ਇਕ ਰਵਾਇਤਾਂ ਪ੍ਰਚੱਲਤ ਹਨ। ਕਈ ਕਰਾਮਾਤਾਂ ਉਸ ਦੇ ਨਾਂ ਨਾਲ਼ ਜੁੜੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਉਹ ਪੌਣਹਾਰੀ ਸੀ। ਕੁਝ ਵੀ ਨਹੀਂ ਸੀ ਖਾਂਦਾ। ਜੋ ਵੀ ਸ਼ਰਧਾਲੂ ਉਸ ਦੇ ਪਾਸ ਆਉਂਦਾ ਉਹਦੀ ਹਰ ਤਮੰਨਾ ਪੂਰੀ ਕਰਦਾ। ਹਜ਼ਾਰਾਂ ਸ਼ਰਧਾਲੂ ਉਸ ਨੂੰ ਪੂਜਦੇ ਸਨ। ਮੋਹਕਮ ਦੀਨ ਦੇ ਜੀਵਨ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਨਹੀਂ। ਜਗਰਾਵਾਂ ਦੇ ਪੱਛਮ ਵਿੱਚ ਉਸ ਦੀ ਦਰਗਾਹ ਹੈ ਜਿੱਥੇ ਰੌਸ਼ਨੀ ਦਾ ਮੇਲਾ ਆਪਣੇ ਜਲਵੇ ਦਿਖਾਉਂਦਾ ਹੈ। ਜਗਰਾਵਾਂ ਦੀ ਰੌਸ਼ਨੀ ਦਾ ਜ਼ਿਕਰ ਪੰਜਾਬ ਦੇ ਕਈ ਇਕ ਲੋਕ ਗੀਤਾਂ ਵਿੱਚ ਆਉਂਦਾ ਹੈ:
ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਖ਼ਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲ਼ੀ
105/ ਪੰਜਾਬੀ ਸਭਿਆਚਾਰ ਦੀ ਆਰਸੀ