ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਸ ਮੇਲੇ ਦਾ ਸੁਭਾਅ ਛਪਾਰ ਦੇ ਮੇਲੇ ਨਾਲ ਮਿਲਦਾ-ਜੁਲਦਾ ਹੈ। ਜਗਰਾਵਾਂ ਮਾਲਵੇ ਦੀ ਧੁੰਨੀ ਹੈ। ਮੇਲੇ ਵਿੱਚ ਪੁੱਜ ਕੇ ਮਲਵਈ ਗੱਭਰੂ ਆਪਣੇ ਦਿਲਾਂ ਦੇ ਗੁਭ-ਗੁਭਾੜ ਕੱਢਦੇ ਹਨ। ਗਿੱਧਾ ਪਾਉਂਦੇ ਅਤੇ ਬੱਕਰੇ ਬੁਲਾਉਂਦੇ ਹੋਏ ਗੱਭਰੂਆਂ ਦੇ ਟੋਲਿਆਂ ਦੇ ਟੋਲੇ ਮੇਲੇ ਵਿੱਚ ਘੁੰਮ ਰਹੇ ਹੁੰਦੇ ਹਨ। ਖੜਤਾਲਾਂ, ਸੱਪਾਂ, ਕਾਟੋਆਂ ਅਤੇ ਛੈਣਿਆਂ ਦੇ ਤਾਲ ਵਿੱਚ ਬਿਦਬਿਦ ਕੇ ਬੋਲੀਆਂ ਪਾਉਂਦੇ ਹਨ। ਇਹ ਬੋਲੀਆਂ ਮਾਲਵੇ ਦੇ ਸਭਿਆਚਾਰ ਦੀ ਸਾਖੀ ਭਰਦੀਆਂ ਹਨ:

ਧਾਵੇ ਧਾਵੇ ਧਾਵੇ
ਧੀ ਸੁਨਿਆਰਾਂ ਦੀ
ਜਿਹੜੀ ਤੁਰਦੀ ਨਾਲ਼ ਹੁਲਾਰੇ
ਪਟ ਉਹਦੇ ਰੇਸ਼ਮ ਦੇ
ਉੱਤੇ ਸੁੱਥਣ ਸੂੂਫ਼ ਦੀ ਪਾਵੇ
ਕੰਢੀ, ਬਿੰਦੀ, ਕੰਨ ਕੋਕਰੂ
ਕਾਂਟੇ ਸੰਗਲੀਆਂ ਵਾਲੇ
ਲੋਟਣ ਲਮਕਣ ਕੰਨਾਂ ਉੱਤੇ
ਗੱਲ੍ਹਾਂ ਤੇ ਲੈਣ ਹੁਲਾਰੇ
ਅੱਡੀਆਂ ਨੂੰ ਮੈਲ਼ ਲੱਗ ਗੀ
ਰੰਨ ਝਾਵੇਂ ਨਾਲ਼ ਘਸਾਵੇ
ਪਤਲੋ ਦੀ ਠੋੋਡੀ ’ਤੇ-
ਲੌਂਗ ਹੁਲਾਰੇ ਖਾਵੇ।

ਕੋਈ ਆਪਣੇ ਦਿਲ ਦੇ ਮਹਿਰਮ ਦੀ ਸਿਫ਼ਤ ਕਰਦਾ ਹੈ:

ਮਾਪਿਆਂ ਦੇ ਘਰ ਪਲ਼ੀ ਲਾਡਲੀ
ਖਾਂਦੀ ਦੁੱਧ ਮਲਾਈਆਂ
ਹੁਮ ਹੁਮਾ ਕੇ ਚੜੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ ਸਜਾਈਆਂ
ਪਿੰਡ ਦੇ ਮੁੰਡੇ ਨਾਲ਼ ਲੱਗ ਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂ ਤਰਜੇਂਗੀ-
ਹਾਣ ਦੇ ਮੁੰਡੇ ਨਾਲ ਲਾਈਆਂ

ਬੋਲੀਆਂ ’ਤੇ ਬੋਲੀਆਂ ਪੈਂਦੀਆਂ ਰਹਿੰਦੀਆਂ ਹਨ।

ਆਖ਼ਰ ਤੀਜੇ ਦਿਨ ਇਹ ਮੇਲਾ ਵਿਛੜ ਜਾਂਦਾ ਹੈ। ਗੱਭਰੂ ਪੱਟਾਂ ’ਤੇ ਮੋਰਨੀਆਂ ਤੇ ਮੱਥਿਆਂ ਤੋਂ ਚੰਦ ਖੁੁਣਵਾ ਕੇ ਚਾਵਾਂ ਮੱਤੇ, ਦਿਲਾਂ 'ਚ ਨਵੇਂ ਅਰਮਾਨ ਲੈ ਕੇ ਆਪਣੇ-ਆਪਣੇ ਦਿਲ ਜਾਨੀਆਂ ਲਈ ਨਿਸ਼ਾਨੀਆਂ ਖ਼ਰੀਦ ਕੇ ਘਰਾਂ ਨੂੰ ਪਰਤ ਜਾਂਦੇ ਹਨ।

107 / ਪੰਜਾਬੀ ਸਭਿਆਚਾਰ ਦੀ ਆਰਸੀ