ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਰਗ ਦਾ ਮੇਲਾ

ਜਿਸ ਤਰ੍ਹਾਂ ਪਸ਼ੂਆਂ ਦੀ ਮੰਡੀ ਲਈ ਜੈਤੋ ਦੀ ਮੰਡੀ ਨੂੰ ਪ੍ਰਸਿੱਧੀ ਹਾਸਲ ਹੈ ਉਸੇ ਤਰ੍ਹਾਂ ਮੇਲਿਆਂ ਵਿੱਚ ਜਰਗ ਦੇ ਮੇਲੇ ਦੀ ਆਪਣੀ ਵਿਸ਼ੇਸ਼ੇ ਥਾਂ ਹੈ:

ਇਕ ਮੰਡੀ ਜੈਤੋ ਲੱਗਦੀ
ਇਕ ਲੱਗਦਾ ਜਰਗ ਦਾ ਮੇਲਾ

ਜਰਗ ਜਿਲਾ ਲੁਧਿਆਣਾ ਦੀ ਸਬ-ਡਵੀਜ਼ਨ ਪਾਇਲ ਦਾ ਬੜਾ ਵੱਡਾ ਪਿੰਡ ਹੈ। ਇਹ ਪਿੰਡ ਖੰਨੇ ਤੋਂ ਮਲੇਰਕੋਟਲੇ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ ਕੋਈ 38 ਕੁ ਕਿਲੋਮੀਟਰ ਦੇ ਫਾਸਲੇ 'ਤੇ ਵਸਿਆ ਹੋਇਆ ਹੈ।

ਜਰਗ ਪਿੰਡ ਦਾ ਪ੍ਰਥਮ ਨਾਂ ਨਾਮ ਨਗਰ ਸੀ ਜਿਹੜਾ ਅੱਜਕਲ੍ਹ ਇਕ ਥੇਹ ਦੇ ਰੂਪ ਵਿੱਚ ਹੀ ਨਜ਼ਰ ਆਉਂਦਾ ਹੈ। ਕਹਿੰਦੇ ਹਨ ਕਿ ਮੌਜੂਦਾ ਪਿੰਡ ਨੂੰ ਜੈਪੁਰ ਦੇ ਰਾਜਾ ਜਗਦੇਵ ਨੇ ਵਸਾਇਆ ਸੀ। ਇਸ ਬਾਰੇ ਇਹ ਰਵਾਇਤ ਪ੍ਰਚਿੱਲਤ ਹੈ ਕਿ ਕਸਬਾ ਪਾਇਲ ਕਿਸੇ ਸਮੇਂ ਰਾਜਾ ਮੇਨ ਪਾਲ ਦੀ ਰਾਜਧਾਨੀ ਸੀ। ਇਕ ਦਿਨ ਰਾਜਾ ਮੈਨ ਪਾਲ ਦੇ ਦਰਬਾਰ ਵਿੱਚ ਮੁਜਰਾ ਹੋ ਰਿਹਾ ਸੀ। ਹੋਰ ਕਈ ਰਾਜੇ, ਜੈਪੁਰ ਦੇ ਰਾਜਾ ਜਗਦੇਵ ਸਮੇਤ ਇਹ ਮੁਜਰਾ ਦੇਖ ਰਹੇ ਸਨ। ਪਾਇਲ ਦੀ ਪ੍ਰਸਿੱਧ ਨਾਚੀ ਕਾਲ਼ੀ ਭੱਟਣੀ ਜੋ ਆਪਣੇ ਦੈਵੀ ਗੁਣਾਂ ਕਰਕੇ ਪ੍ਰਸਿੱਧ ਸੀ ਇਸ ਮੁਜਰੇ ਵਿੱਚ ਆਪਣਾ ਅਦੁੱਤੀ ਨਾਚ ਦਿਖਾ ਰਹੀ ਸੀ। ਨੱਚਦੀ-ਨੱਚਦੀ ਜਦੋਂ ਉਹ ਰਾਜਾ ਜਗਦੇਵ ਪਾਸ ਜਾਂਦੀ ਤਾਂ ਆਪਣਾ ਚਿਹਰਾ ਪੱਲਾ ਕਰਕੇ ਕੱਜ ਲੈਂਦੀ। ਰਾਜਾ ਮੈਨ ਪਾਲ ਦੇ ਪਾਸੇ ਉਹ ਨੰਗੇ ਮੂੰਹ ਹੀ ਜਾਂਦੀ। ਪਹਿਲੋਂ ਉਸ ਨੇ ਅਜਿਹਾ ਕਦੀ ਨਹੀਂ ਸੀ ਕੀਤਾ। ਮੁਜਰਾ ਖੀਤਮ ਹੋਣ ਤੇ ਮੈਨ ਪਾਲ ਨੇ ਕਾਲੀ ਭੁੱਟਣੀ ਪਾਸੋਂ ਇਸ ਦਾ ਕਾਰਨ ਜਾਨਣਾ ਚਾਹਿਆ।

"ਉਸ ਪਾਸੇ ਮਰਦ ਮੁੱਛ ਰਾਜਾ ਜਗਦੇਵ ਬੈਠਾ ਸੀ!"

ਕਾਲੀ ਭਟਣੀ ਦਾ ਉੱਤਰ ਸੁਣ ਕੇ ਮੈਨ ਪਾਲ ਕਰੋਧ ਵਿੱਚ ਬੋਲਿਆ, “ਮੈਂ ਜਗਦੇਵ ਨਾਲ਼ੋਂ ਕਿਹੜੀ ਗੱਲੋਂ ਘੱਟ ਆਂ-ਜੋ ਬਖ਼ਸ਼ੀਸ਼ ਉਹ ਤੈਨੂੰ ਦੇਵੇਗਾ ਮੈਂ ਉਸ ਨਾਲੋਂ ਚੌਗੁਣੀ ਦਿਆਂਗਾ।"

ਕਾਲੀ ਭਟਣੀ ਜਗਦੇਵ ਦੇ ਡੇਰੇ 'ਤੇ ਪੁੱਜੀ ਅਤੇ ਦੋਨੋਂ ਹੱਥ ਜੋੜ ਕੇ ਖੜੋ ਗਈ।

“ਹੇ ਭਟਣੀ ਤੇਰੇ ਨਾਚ ਨੇ ਮੇਰਾ ਮਨ ਮੋਹ ਲਿਆ ਹੈ-ਮੰਗ ਕੀ ਮੰਗਦੀ ਏਂ।" ਰਾਜਾ ਜਗਦੇਵ ਬੋਲਿਆ।

“ਮਹਾਰਾਜ ਬਚਨ ਦਿਓ-ਜੋ ਮੰਗਾਂਗੀ ਦਿਓਗੇ।”
"ਬਚਨ ਰਿਹਾ, ਜੋ ਮੇਰੇ ਪਾਸ ਆਪਣਾ ਹੈ ਦੇ ਦਿਆਂਗਾ।”

“ਮਹਾਰਾਜ ਤੁਸੀਂ ਮੈਨੂੰ ਆਪਣੇ ਸਿਰ ਦਾ ਦਾਨ ਦੇ ਦਿਓ ....!”

108 / ਪੰਜਾਬੀ ਸਭਿਆਚਾਰ ਦੀ ਆਰਸੀ