ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੇਲੇ ਜਾਏਂਗਾ ਲਿਆਵੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣ ਕੇ

ਮੇਲਾ ਕੱਲੇ ਕਾਰੇ ਦੇ ਜਾਣ ਦਾ ਨਹੀਂ। ਮੇਲੇ ਤਾਂ ਟੋਲੀਆਂ ਬਣਾ ਕੇ ਜਾਣ ਦਾ ਸੁਆਦ ਹੈ:

ਮੈਂ ਜਾਣਾ ਮੇਲੇ ਨੂੰ
ਬਾਪੂ ਜਾਊਂਗਾ ਬਣਾ ਕੇ ਟੋਲੀ

ਗੱਭਰੂ ਬੋਲੀਆਂ ਪਾਉਂਦੇ ਅਤੇ ਬੱਕਰੇ ਬੁਲਾਉਂਦੇ ਮੇਲੇ ਨੂੰ ਜਾ ਰਹੇ ਹੁੰਦੇ ਹਨ ਅਤੇ ਤੀਵੀਆਂ ਮਾਤਾ ਰਾਣੀ ਦੇ ਗੀਤ ਗਾਉਂਦੀਆਂ ਅਨੋਖਾ ਹੀ ਰੰਗ ਬੰਨ੍ਹ ਰਹੀਆਂ ਹੁੰਦੀਆਂ ਹਨ:

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਕੂੰਟਾਂ ਚੱਲੀਆਂ ਚਾਰੇ
ਜੀ ਜੱਗ ਚੱਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਜਗ ਚੱਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂੰਟਾਂ ਝੁਕੀਆਂ ਚਾਰੇ

ਮਾਤਾ ਰਾਣੀ ਦਾ ਰਾਜ ਚਾਰੇ ਕੁੰਟੀ ਹੈ। ਉਸ ਦੇ ਰਾਜ ਵਿੱਚ ਪਰਜਾ ਸੁਖਾਲੀ ਵਸਦੀ ਹੈ। ਗੀਤ ਅੱਗੇ ਤੁਰਦਾ ਹੈ:

ਮਾਤਾ ਰਾਣੀ ਦੇ ਦਰਬਾਰ
ਜਿੱਥੇ ਧਰੇ ਨਗਾਰੇ ਚਾਰ
ਚੌਹੀਂ ਕੂੰਟਾਂ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ

ਮਾਤਾ ਰਾਣੀ ਪਾਸੋਂ ਬਾਂਝ ਇਸਤਰੀਆਂ ਔਲਾਦ ਦੀ ਭਿਖਿਆ ਮੰਗਦੀਆਂ ਹਨ:

ਧੌਲੀਏ ਦਾਹੜੀਏ'
ਚਿੱਟੀਏ ਪੱਗੇ ਨੀ
ਮੈਂ ਅਰਜ਼ ਕਰੇਨੀ ਆਂ
ਮਾਤਾ ਦੇ ਅੱਗੇ ਨੀ
ਸੁਕੀਆਂ ਵੇਲਾਂ ਨੂੰ
ਜੋ ਫ਼ਲ ਲੱਗੇ ਨੀ

ਮਾਤਾ ਜ਼ਰੂਰ ਤਰੁੱਠੇਗੀ-ਮਾਤਾ ਰਾਣੀ ਦੇ ਮੰਦਰਾਂ ’ਤੇ ਚੂਕਦੀ ਚਿੜੀ ਜੋ ਮਾਤਾ ਦਾ ਪ੍ਰਤੀਕ ਹੈ ਪਾਸੋਂ ਮਿੱਠੀਆਂ ਮੁਰਾਦਾਂ ਦੀ ਮੰਗ ਵੀ ਕੀਤੀ ਜਾਂਦੀ ਹੈ:-

ਮਾਤਾ ਰਾਣੀ ਦੀਏ ਚਿੜੀਏ
ਚੰਬੇ ਵਾਂਗੂੰ ਖਿੜੀਏ
ਡਾਲੀ ਡਾਲੀ ਫਿਰੀਏ

111/ਪੰਜਾਬੀ ਸਭਿਆਚਾਰ ਦੀ ਆਰਸੀ