ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਦੇ ਨੀ ਮੁਰਾਦਾਂ ਮਿੱਠੀਆਂ
ਅਸੀਂ ਘਰ ਨੂੰ ਜੀ ਮੁੜੀਏ

ਆਪਣੇ ਬੱਚਿਆਂ ਦੀ ਜਾਨ ਦੀ ਸੁਖ ਮੰਗਦੀਆਂ ਤ੍ਰੀਮਤਾਂ ਮੇਲੇ ਵਿੱਚ ਆ ਪੁੱਜਦੀਆਂ ਹਨ:

ਮਾਤਾ ਰਾਣੀਏ, ਗੁਲਗਲੇ ਖਾਣੀਏ
ਬਾਲ ਬੱਚਾ ਰਾਜੀ ਰੱਖਣਾ

ਮੇਲੇ ਵਿੱਚ ਮਨੁੱਖਤਾ ਦਾ ਸਾਗਰ ਠਾਨ੍ਹਾਂ ਮਾਰ ਰਿਹਾ ਹੁੰਦਾ ਹੈ। ਕਿਧਰੇ ਢੱਡਾ ਸਾਰੰਗੀ ਵਾਲੇ ਅਖਾੜੇ ਲਾਈ ਮਿਰਜ਼ਾ ਅਤੇ ਹੀਰ ਦੀਆਂ ਕਲੀਆਂ ਲਾ ਰਹੇ ਹਨ, ਕਿਧਰੇ ਕਵੀਸ਼ਰਾਂ ਦੇ ਅਖਾੜਿਆਂ ਵਿੱਚ ਪੂਰਨ ਭਗਤ, ਅਤੇ ਭਰਥਰੀ ਹਰੀ ਦੀ ਕਥਾ ਸੁਣਾਈ ਜਾ ਰਹੀ ਹੈ, ਕਿਧਰੇ ਇਕਤਾਰੀਏ ਅਤੇ ਅਲਗੋਜ਼ਿਆਂ ਵਾਲੇ ਕੀਮਾ ਮਲਕੀ ਨੂੰ ਗਾ-ਗਾ ਅਨਾਦੀ ਸੁਰਾਂ ਛੇੜ ਰਹੇ ਹਨ। ਕਿਧਰੇ ਗਿੱਧੇ ਦੀਆਂ ਬੋਲੀਆਂ ਪਾ ਰਹੀਆਂ ਗੱਭਰੂਆਂ ਦੀਆਂ ਢਾਣੀਆਂ ਭੀੜਾਂ ਨੂੰ ਚੀਰਦੀਆਂ ਹੋਈਆਂ ਅੱਗੇ ਵਧ ਰਹੀਆਂ ਹਨ। ਖ਼ੁਸ਼ੀ ਮੇਲੇ ਵਿੱਚ ਚਾਂਬੜਾਂ ਪਾ ਰਹੀ ਹੈ।

ਇੰਨਾ ਹੁਸੀਨ ਤੇ ਰੰਗੀਨ ਹੈ ਜਰਗ ਦਾ ਮੇਲਾ ਕਿ ਕਿਸੇ ਸ਼ੌਕੀਨ ਨੂੰ ਆਪਣੇ ਮਹਿਬੂਬ ਦੀ ਨਾਗ਼ਣ ਗੁੱਤ ਨੂੰ ਦੇਖ ਕੇ ਇਸ ਦੀ ਯਾਦ ਆ ਜਾਂਦੀ ਹੈ:-

ਜੇਹੀ ਤੇਰੀ ਗੁੱਤ ਦੇਖਲੀ
ਜੇਹਾ ਦੇਖ ਲਿਆ ਜਰਗ ਦਾ ਮੇਲਾ

112/ਪੰਜਾਬੀ ਸਭਿਆਚਾਰ ਦੀ ਆਰਸੀ