ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਂਝਾਂ ਦਾ ਤਿਉਹਾਰ -ਵਿਸਾਖੀ

ਭਾਰਤਵਰਸ਼ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਸ ਦੀ ਪਾਵਨ ਧਰਤੀ ’ਤੇ ਮੇਲ੍ਹਦੇ ਦਰਿਆਵਾਂ ਦੇ ਕੰਢਿਆਂ ਤੇ ਲੱਗਦੇ ਮੇਲੇ ਅਤੇ ਪੁਰਬ ਭਾਰਤੀ ਜਨਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ। ਇਹ ਭਾਰਤੀ ਸੰਸਕ੍ਰਿਤੀ ਅਤੇ ਸਭਿਆਚਾਰ ਦੇ ਦਰਪਣ ਹਨ।

ਦੀਵਾਲੀ, ਦੁਸਿਹਰਾ, ਲੋਹੜੀ ਅਤੇ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਉਮਾਹ ਲੈ ਕੇ ਆਉਂਦਾ ਹੈ। ਇਹ ਤਿਉਹਾਰ ਇਹਨਾਂ ਲਈ ਮਨੋਰੰਜਨ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਉਹਨਾਂ ਨੂੰ ਸਦਭਾਵਨਾ ਭਰਪੂਰ ਜੀਵਨ ਜਿਉਣ ਲਈ ਉਤਸ਼ਾਹਿਤ ਵੀ ਕਰਦੇ ਹਨ। ਇਹ ਸਾਰੇ ਤਿਉਹਾਰ ਪੰਜਾਬੀ ਸਾਂਝੇ ਤੌਰ ਤੇ ਮਨਾਉਂਦੇ ਹਨ ਜਿਸ ਕਰਕੇ ਸਾਂਝਾਂ ਵੱਧਦੀਆਂ ਹਨ ਤੇ ਭਾਈਚਾਰਕ ਏਕਤਾ ਪਕੇਰੀ ਹੁੰਦੀ ਹੈ।

ਵਿਸਾਖੀ ਦਾ ਤਿਉਹਾਰ ਮੁੱਢ ਕਦੀਮ ਤੋਂ ਹੀ ਇਕ ਅਸੰਪ੍ਰਦਾਇਕ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਰਿਹਾ ਹੈ ਜਿਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਸਾਰੇ ਧਾਰਮਿਕ ਭਿੰਨ -ਭੇਦ ਮਿਟਾ ਕੇ ਸ਼ਾਮਲ ਹੁੰਦੇ ਰਹੇ ਹਨ। ਖ਼ੁਸ਼ੀਆਂ ਵੰਡਦਾ ਵਿਸਾਖੀ ਦਾ ਤਿਉਹਾਰ ਸਮੂਹ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਸੰਸਕ੍ਰਿਤਕ, ਸਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਤਿਉਹਾਰ ਨਾਲ ਕਈ ਇਕ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ ਜਿਸ ਕਰਕੇ ਇਸ ਦੀ ਵਿਸ਼ੇਸ਼ਤਾ ਉਘੜਵੇਂ ਰੂਪ ਵਿੱਚ ਉਜਾਗਰ ਹੁੰਦੀ ਹੈ। ਖ਼ਾਲਸਾ ਪੰਥ ਦੀ ਸਾਜਨਾ ਅਤੇ ਜ਼ਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਿਸਾਖੀ ਨਾਲ ਸਬੰਧਿਤ ਇਤਿਹਾਸਕ ਘਟਨਾਵਾਂ ਹਨ ਜਿਨ੍ਹਾਂ ਦੀ ਭਾਰਤੀ ਇਤਿਹਾਸ ਉੱਤੇ ਬੜੀ ਡੂੰਘੀ ਛਾਪ ਹੈ।

ਵਿਸਾਖੀ ਦੇ ਤਿਉਹਾਰ ਦਾ ਆਰੰਭ ਕਦੋਂ ਹੋਇਆ? ਇਸ ਬਾਰੇ ਨਿਸ਼ਚਿਤ ਰੂਪ ਵਿੱਚ ਕੋਈ ਨਿਰਣਾ ਨਹੀਂ ਲਿਆ ਜਾ ਸਕਦਾ। ਸੂਰਜ ਦੇ ਹਿਸਾਬ ਵਿਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਵਿਸਾਖੀ ਮਨਾਉਣ ਦੀ ਪਰੰਪਰਾ ਚੱਲੀ ਆਉਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਸ ਦਿਨ ਦੇਸ-ਦੇਸ਼ਾਂਤਰਾਂ ਤੋਂ ਸੰਗਤਾਂ ਗੁਰਦਰਸ਼ਨਾਂ ਲਈ ਇਕੱਤਰ ਹੁੰਦੀਆਂ ਸਨ ਤੇ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਵਿਸਾਖੀ ਦਾ ਮੇਲਾ ਲਾਉਣਾ ਸ਼ੁਰੂ ਕੀਤਾ ਸੀ।

ਵਿਸਾਖੀ ਦਾ ਮੇਲਾ ਆਮ ਕਰਕੇ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ 'ਤੇ ਲੱਗਦਾ ਹੈ। ਇਸ ਪਾਵਨ ਤਿਉਹਾਰ ਦੇ ਅਵਸਰ 'ਤੇ ਸ਼ਰਧਾਲੂ ਅਪਾਰ ਸ਼ਰਧਾ ਨਾਲ ਦਰਿਆਵਾਂ,

113/ਪੰਜਾਬੀ ਸਭਿਆਚਾਰ ਦੀ ਆਰਸੀ