ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੀਲਾਂ ਅਤੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦੇਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਹਰਿਦਵਾਰ ਵਿਖੇ ਗੰਗਾ ਦਾ ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਇਸੇ ਦਿਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਰਵਾਲਸਰ ਵਿੱਚ ਰੋਗੀਆਂ ਨੂੰ ਇਸ਼ਨਾਨ ਕਰਾਉਣ ਦੀ ਪਿਰਤ ਹੈ। ਇਹਨਾਂ ਸਥਾਨਾਂ 'ਤੇ ਇਸ਼ਨਾਨ ਕਰਕੇ ਜਨਸਮੂਹ ਆਤਮਕ ਸ਼ਾਂਤੀ ਪ੍ਰਾਪਤ ਕਰਦਾ ਹੈ।

ਜੇਕਰ ਅਸੀਂ ਵਿਸਾਖੀ ਦੇ ਮੇਲੇ ਦੇ ਕਿਰਦਾਰ ਵੱਲ ਝਾਤ ਮਾਰੀਏ ਤਾਂ ਇਕ ਗੱਲ ਸਪੱਸ਼ਟ ਤੌਰ 'ਤੇ ਸਿੱਧ ਹੋ ਜਾਂਦੀ ਹੈ ਕਿ ਇਹ ਤਿਉਹਾਰ ਅਸਲ ਵਿੱਚ ਕਿਸਾਨਾਂ ਦਾ ਤਿਉਹਾਰ ਹੈ ਜਿਸ ਨੂੰ ਉੱਤਰੀ ਭਾਰਤ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੋਹੀਂ ਥਾਈਂ ਬੜੇ ਉਤਸ਼ਾਹ ਅਤੇ ਉਮਾਹ ਨਾਲ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ 'ਤੇ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਦੀ ਰਵੀ ਦੀ ਫ਼ਸਲ ਕਣਕ ਜੋ ਇਸ ਖਿੱਤੇ ਦੀ ਮੁੱਖ ਫ਼ਸਲ ਹੈ, ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਫ਼ਸਲ ਨਾਲ ਕਿਸਾਨਾਂ ਦੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਲੋੜਾਂ ਜੁੜੀਆਂ ਹੋਈਆਂ ਹਨ। ਜਦੋਂ ਜੋਬਨ ਤੇ ਆਈ ਕਣਕ ਦੀ ਫ਼ਸਲ ਦੇ ਸੁਨਹਿਰੀ ਸਿੱਟੇ ਹਵਾ ਵਿੱਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਵਜਦ ਵਿੱਚ ਆ ਜਾਂਦਾ ਹੈ। ਮਿਹਨਤ ਨਾਲ ਕਮਾਈ ਉਸ ਦੀ ਫ਼ਸਲ ਉਹ ਦੇ ਸਾਹਮਣੇ ਝੂਮਦੀ ਉਸ ਨੂੰ ਅਕਹਿ ਖ਼ੁਸ਼ੀ ਪ੍ਰਦਾਨ ਕਰਦੀ ਹੈ ਜਿਸ ਕਰਕੇ ਉਹ ਆਪ ਮੁਹਾਰਾ ਹੀ ਨੱਚ ਉੱਠਦਾ ਹੈ।ਉਸ ਦੇ ਨੈਣਾਂ ਵਿੱਚ ਅਨੇਕਾਂ ਸੁਪਨੇ ਲਟਕ ਰਹੇ ਹੁੰਦੇ ਹਨ। ਭਰਪੂਰ ਫ਼ਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ ਕਿਸਾਨ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਕਿਸਾਨ ਦੇ ਪਰਿਵਾਰ ਤੋਂ ਬਿਨਾਂ ਪਿੰਡਾਂ ਵਿੱਚ ਵਸਦੀਆਂ ਹੋਰਨਾਂ ਧੰਦਿਆਂ ਨਾਲ ਜੁੜੀਆਂ ਜਾਤੀਆਂ ਦੇ ਲੋਕ ਵੀ ਇਹ ਤਿਉਹਾਰ ਉਸੇ ਉਤਸ਼ਾਹ ਨਾਲ ਮਨਾਉਂਦੇ ਹਨ, ਜਿਸ ਨਾਲ ਕਿਸਾਨ ਮਨਾਉਂਦਾ ਹੈ। ਔਰਤਾਂ, ਮਰਦ, ਬੱਚੇ-ਬੈਲ ਗੱਡੀਆਂ, ਘੋੜਿਆਂ ਅਤੇ ਊਠਾਂ 'ਤੇ ਸਵਾਰ ਹੋ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹਨ। ਮੇਲਾ ਦੇਖਣ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ।ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਵੰਨ-ਸੁਵੰਨੇ ਪਹਿਰਾਵੇ ਪਹਿਨੀਂ ਮੇਲੇ ਦੀ ਰੌਣਕ ਨੂੰ ਦੋਬਾਲਾ ਕਰਦੇ ਹਨ। ਮੇਲੇ ਵਿੱਚ ਲੋਕਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੁੰਦਾ ਹੈ। ਇੱਥੇ ਪੰਜਾਬ ਦੀ ਨੱਚਦੀ-ਗਾਉਂਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਇਸ ਮੇਲੇ ਵਿੱਚ ਲੋਕ ਸਾਹਿਤ ਦੀਆਂ ਕੂਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ ਹਨ।ਕਿਧਰੇ ਕਵੀਸ਼ਰਾਂ ਦੇ ਗਾਉਣ, ਕਿਧਰੇ ਢੱਡ ਸਾਰੰਗੀ ਵਾਲਿਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਆਪਣਾ ਜਲੌ ਦਿਖਾ ਰਹੇ ਹੁੰਦੇ ਹਨ। ਅਸਮਾਨ ਛੂੰਹਦੇ ਸਰਕਸਾਂ ਦੇ ਸਾਇਬਾਨ ਜਨ-ਸਮੂਹ ਨੂੰ ਆਪਣੇ ਵੱਲ ਖਿੱਚਦੇ ਹਨ। ਰੱਸਾ-ਕੱਸ਼ੀ, ਨੇਜ਼ਾਬਾਜ਼ੀ, ਗੱਤਕਾਬਾਜ਼ੀ, ਮੂੰਗਲੀਆਂ ਫੇਰਨ, ਮੁਦਗਰ ਚੁੱਕਣ, ਵੀਣੀ ਫੜਨ ਅਤੇ ਪਹਿਲਵਾਨਾਂ ਦੇ ਘੋਲਾਂ ਦੇ ਅਖਾੜੇ ਹਜ਼ਾਰਾਂ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਕਿਸੇ ਪਾਸੇ ਗੱਭਰੂਆਂ ਦੀਆਂ ਟੋਲੀਆਂ ਢੋਲਕੀ ਦੇ ਡੱਗੇ ਦੀ ਤਾਲ ’ਤੇ ਪੰਜਾਬ ਦਾ ਹਰਮਨ ਪਿਆਰਾ ਲੋਕ ਨਾਚ ਭੰਗੜਾ ਪਾਉਂਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ। ਇੰਝ ਖੁਸ਼ੀਆਂ ਨਾਲ ਮਖ਼ਮੂਰ ਹੋਏ ਕਿਸਾਨ ਭੰਗੜਾ ਪਾਉਂਦੇ ਹੋਏ ਆਪਣੇ ਪਿੰਡਾਂ ਅਤੇ ਘਰਾਂ ਨੂੰ ਪਰਤ ਆਉਂਦੇ ਹਨ ਤੇ ਵਿਸਾਖੀ ਦੇ ਅਗਲੇ ਦਿਨ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਢੋਲਚੀ ਢੋਲ ਤੇ ਡੱਗਾ ਮਾਰਦਾ ਹੈ:-

114/ਪੰਜਾਬੀ ਸਭਿਆਚਾਰ ਦੀ ਆਰਸੀ