ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੱਟਾ ਆਈ ਵਿਸਾਖੀ,ਹਈ ਸ਼ਾ
ਜੱਟਾ ਆਈ ਵਿਸਾਖੀ,ਹਈ ਸ਼ਾ
ਮੁੱਕ ਗਈ ਕਣਕਾਂ ਦੀ ਰਾਖੀ, ਹਈ ਸ਼ਾ
ਜੱਟਾ ਆਈ ਵਿਸਾਖੀ

ਸਿੱਖ ਜਗਤ ਲਈ ਇਹ ਦਿਹਾੜਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਖ਼ਾਲਸੇ ਦਾ ਜਨਮ ਦਿਹਾੜਾ ਹੈ। ਇਕ ਵਿਸਾਖ ਸੰਮਤ 1756 ਅਥਵਾ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ 'ਚ ਜੁੜੇ ਦੀਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਧੂਹ ਕੇ ਸੰਗਤਾਂ ਵਿੱਚੋਂ ਅਜਿਹੇ ਪ੍ਰੇਮੀ ਸਿੱਖਾਂ ਦੇ ਸੀਸ ਦੀ ਮੰਗ ਕੀਤੀ ਜਿਹੜੇ ਉਹਨਾਂ ਲਈ ਕੁਰਬਾਨੀ ਦੇ ਸਕਣ। ਸੰਗਤਾਂ ਵਿੱਚ ਸਹਿਮ ਛਾ ਗਿਆ। ਪੰਜ ਸਿੱਖ ਨਿੱਤਰੇ-ਲਾਹੌਰ ਦਾ ਖੱਤਰੀ ਦਿਆ ਰਾਮ, ਹਸਤਨਾਪੁਰ ਦਾ ਜੱਟ ਧਰਮਦਾਸ, ਨੰਗਲ ਸ਼ਹੀਦਾਂ ਦਾ ਨਾਈ ਸਾਹਿਬ, ਸੰਗਤਪੁਰੇ ਦਾ ਹਿੰਮਤ ਝਿਊਰ ਅਤੇ ਦਵਾਰਕਾ ਦਾ ਛੀਂਬਾ ਮੁਹਕਮ ਚੰਦ। ਗੁਰੂ ਜੀ ਨੇ ਉਹਨਾਂ ਮਰਜੀਵੜਿਆਂ ਨੂੰ ਪੰਜ ਪਿਆਰੇ ਆਖਿਆ ਤੇ ਆਪਣੀ ਹਿੱਕ ਨਾਲ ਲਾ ਲਿਆ। ਪੰਜਾਂ ਨੂੰ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਗਿਆ ਤੇ ਉਹਨਾਂ ਦੇ ਨਾਂ ਕ੍ਰਮਵਾਰ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮੁਹਕਮ ਸਿੰਘ ਰੱਖ ਦਿੱਤੇ। ਇਸ ਤੋਂ ਮਗਰੋਂ ਗੁਰੂ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਹੱਥੋਂ ਆਪ ਅੰਮ੍ਰਿਤ ਛਕਿਆ ਤੇ ਇੰਜ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਸ ਪ੍ਰਕਾਰ ਗੁਰੁ ਗੋਬਿੰਦ ਸਿੰਘ ਜੀ ਨੇ ਨਿਤਾਣਿਆਂ ਨੂੰ ਆਤਮਕ ਬਲ ਬਖ਼ਸ਼ ਕੇ ਸਾਂਝੀਵਾਲਤਾ ਦੀ ਨੀਂਹ ਤੋਰੀ। ਪੰਜਾਬ ਦੇ ਪ੍ਰਮੁੱਖ ਗੁਰਦਵਾਰਿਆਂ ਵਿਸ਼ੇਸ਼ ਕਰਕੇ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਪੁਰਬ ਖ਼ਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਅਵਸਰ 'ਤੇ ਆਯੋਜਿਤ ਧਾਰਮਿਕ ਦੀਵਾਨਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਵਿਸਾਖੀ ਦਾ ਤਿਉਹਾਰ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਉਹਨਾਂ ਲੱਖਾਂ ਸੁਤੰਤਰਤਾ ਸੰਗਰਾਮੀਆਂ ਤੇ ਸੂਰਬੀਰ ਮਰਜੀਵੜਿਆਂ ਦੀ ਯਾਦ ਵੀ ਦਲਾਉਂਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿੱਚ ਵਾਪਰੇ ਖੂਨੀ ਸਾਕੇ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਉਸ ਦਿਨ ਦੇਸ਼ ਦੀ ਆਜ਼ਾਦੀ ਲਈ ਲੁਛਦੇ ਹਜ਼ਾਰਾਂ ਨਹੱਥੇ ਪੰਜਾਬੀਆਂ ਉੱਤੇ ਅੰਗਰੇਜ਼ ਸਾਮਰਾਜ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਂਕੜਿਆਂ ਨੂੰ ਸ਼ਹਾਦਤ ਦਾ ਜਾਮ ਪਲਾ ਦਿੱਤਾ ਤੇ ਹਜ਼ਾਰਾਂ ਮਰਜੀਵੜੇ ਜ਼ਖ਼ਮੀ ਹੋ ਗਏ। ਇਹਨਾਂ ਮਰਜੀਵੜਿਆਂ ਵਿੱਚ ਬੱਚੇ ਸਨ, ਬੁੱਢੇ ਸਨ, ਔਰਤਾਂ ਸਨ, ਮਰਦ ਸਨ, ਹਿੰਦੂ ਸਨ, ਮੁਸਲਮਾਨ ਸਨ, ਈਸਾਈ ਸਨ ਅਤੇ ਸਿੱਖ ਸਨ।ਵਿਸਾਖੀ ਵਾਲੇ ਦਿਨ ਸਾਰਾ ਭਾਰਤ ਇਨ੍ਹਾਂ ਮਰਜੀਵੜਿਆਂ ਦੀ ਯਾਦ ਵਿੱਚ ਸਿਰ ਝੁਕਾਉਂਦਾ ਹੈ ਤੇ ਉਹਨਾਂ ਦੀ ਅਦੁੱਤੀ ਕੁਰਬਾਨੀ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ।

ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿੱਚ ਵਸੇ ਭਿੰਨ-ਭਿੰਨ ਸੁਮਧਾਂਵਾਂ ਦੇ ਲੋਕ ਵੀ ਵਿਸਾਖੀ ਦਾ

115/ਪੰਜਾਬੀ ਸਭਿਆਚਾਰ ਦੀ ਆਰਸੀ