ਕਲਪਨਾ ਵਿੱਚ ਹੀ ਕੁੜੀਆਂ ਲੋਹੜੀ ਦਾ ਗੀਤ ਗਾਉਂਦੀਆਂ ਹੋਈਆਂ ਨਿੱਕੇ ਕਾਕੇ ਦਾ ਵਿਆਹ ਵੀ ਰਚਾ ਦੇਂਦੀਆਂ ਹਨ। ਅੱਗੋਂ ਮੁੰਡੇ ਦੀ ਮਾਂ ਦਿਲ ਖੋਲ੍ਹ ਕੇ ਰਿਉੜੀਆਂ, ਦਾਣੇ ਤੇ ਸ਼ੱਕਰ ਗੁੜ ਦੇਂਦੀ ਹੈ:-
ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾਹ
ਜਿਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਸੀ
ਭਰਾਵਾਂ ਜੋੜੀਆਂ ਸੀ
ਲੋਹੜੀ ਵਿੱਚ ਬੱਚੇ ਵੱਧ-ਚੜ੍ਹ ਕੇ ਭਾਗ ਲੈਂਦੇ ਹਨ। ਜਿਧਰ ਵੀ ਦੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਫਿਰਦੀਆਂ ਹਨ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ ਘਰ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਬੱਚੇ ਬੜੇ ਚਾਅ ਨਾਲ ਗੀਤ ਗਾਉਂਦੇ ਹਨ। ਦਿਨ ਚੜ੍ਹੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ-ਵੱਖਰੀਆਂ ਟੋਲੀਆਂ ਹੁੰਦੀਆਂ ਹਨ, ਕਈਆਂ ਨੇ ਚੁੰਨੀਆਂ ਤੇ ਪਰਨਿਆਂ ਨੂੰ ਗੱਠਾਂ ਦੇ ਕੇ ਝੋਲੇ ਬਣਾਏ ਹੁੰਦੇ ਹਨ। ਮੰਗਣ ਵਾਲੇ ਬੱਚਿਆਂ ਵਿੱਚ ਛੋਟੇ- ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਨਾ ਹੀ ਜਾਤ-ਪਾਤ ਦਾ ਕੋਈ ਭੇਦ-ਭਾਵ ਹੁੰਦਾ ਹੈ। ਬੱਚੇ ਸਮੂਹਕ ਰੂਪ ਵਿੱਚ ਹੀ ਗੀਤ ਗਾਉਂਦੇ ਹਨ। ਮੁੰਡਿਆਂ ਦੇ ਗੀਤਾਂ ਦਾ ਕੁੜੀਆਂ ਦੇ ਗੀਤਾਂ ਨਾਲੋਂ ਕੁਝ ਫਰਕ ਹੁੰਦਾ ਹੈ ਤੇ ਉਹਨਾਂ ਦੇ ਗੀਤ ਗਾਉਣ ਦਾ ਢੰਗ ਵੀ ਕੁਝ ਵੱਖਰਾ ਹੁੰਦਾ ਹੈ। ਮੁੰਡੇ ਰੌਲਾ ਰੱਪਾ ਬਹੁਤਾ ਪਾਉਂਦੇ ਹਨ ਤੇ ਕੁੜੀਆਂ ਬੜੇ ਸਲੀਕੇ ਨਾਲ ਗੀਤ ਗਾਉਂਦੀਆਂ ਹਨ।
ਵੱਡੀਆਂ ਕੁੜੀਆਂ ਤੇ ਸੁਆਣੀਆਂ ਇਕੱਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ।ਉਹ ਘਰ ਦੇ ਦਲਾਨ ਵਿੱਚ ਜਾ ਕੇ ਗਿੱਧਾ ਪਾਉਂਦੀਆਂ ਹਨ। ਖੂਬ ਨੱਚਦੀਆਂ ਹਨ। ਗਿੱਧੇ ਵਿੱਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ:-
ਪੁਤ ਵੀਰ ਦਾ ਭਤੀਜਾ ਮੇਰਾ
ਵੀਰ ਘਰ ਪੁੱਤ ਜੰਮਿਆ
ਚੰਨ ਚੜ੍ਹਿਆ ਬਾਪ ਦੇ ਖੇੜੇ
121/ਪੰਜਾਬੀ ਸਭਿਆਚਾਰ ਦੀ ਆਰਸੀ