ਪਿੰਡੋਂ ਬਾਹਰ ਪਿੱਪਲਾਂ, ਬਰੋਟਿਆਂ ’ਤੇ ਕੁੜੀਆਂ ਪੀਂਘਾਂ ਝੂਟਦੀਆਂ ਹਨ ਨਾਲੇ ਗਿੱਧਾ ਪਾਉਂਦੀਆਂ ਹਨ। ਕੁਆਰੀਆਂ, ਵਿਆਹੀਆਂ ਅਤੇ ਪਿੰਡ ਦੀਆਂ ਪੇਕੀਂ ਨਾ ਗਈਆਂ ਮੁਟਿਆਰਾਂ ਵੀ ਇਸ ਵਿੱਚ ਸ਼ਾਮਲ ਹੁੰਦੀਆਂ ਹਨ। ਸਾਰੀਆਂ ਕੁੜੀਆਂ ਨਵੇਂ ਵਸਤਰ ਪਾ ਕੇ, ਰੰਗ-ਬਿਰੰਗੀਆਂ ਚੂੜੀਆਂ ਚੜ੍ਹਾ, ਹੱਥਾਂ ਨੂੰ ਮਹਿੰਦੀ ਲਾ, ਗਹਿਣਿਆਂ ਗਟਿਆਂ ਨਾਲ ਸਜੀਆਂ ਤੀਆਂ ਖੇਡਣ ਜਾਂਦੀਆਂ ਹਨ :-
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿਪਲੀਂ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਜਿਹੜੀਆਂ ਵਿਆਹੀਆਂ ਕੁੜੀਆਂ ਤੀਆਂ ਦੇ ਦਿਨਾਂ ਵਿੱਚ ਪੇਕੀਂ ਨਹੀਂ ਆ ਸਕਦੀਆਂ ਉਹਨਾਂ ਲਈ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ : -
ਭੇਜੀਂ ਨੀ ਮਾਏਂ ਮੈਨੂੰ ਮਿੱਠਾ ਸੰਧਾਰਾ
ਮੇਰੇ ਵੀਰ ਨੇ ਸੰਧਾਰੇ ਵਿੱਚ ਭੇਜੀ
ਕੱਤਣਾਂ ਚਾਂਦੀ ਦੀ
ਕਈ ਕੁਪੱਤੀਆਂ ਸੱਸਾਂ ਆਪਣੀਆਂ ਉਹਨਾਂ ਨੂੰਹਾਂ ਨੂੰ ਟੋਕਣੋਂ ਨਹੀਂ ਹਟਦੀਆਂ ਜਿਨ੍ਹਾਂ ਨੂੰ ਉਹਨਾਂ ਦੇ ਵੀਰ ਕੰਮ ਧੰਦਿਆਂ ਕਰਕੇ ਲੈਣ ਲਈ ਨਹੀਂ ਆ ਸਕਦੇ :-
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਬਹੁਤਿਆਂ ਭਰਾਵਾਂ ਵਾਲੀਏ
ਅੱਗੋਂ ਨੂੰਹ ਵੀ ਨਹਿਲੇ ’ਤੇ ਦਹਿਲਾ ਹੋ ਕੇ ਟਕਰਦੀ ਹੈ :
ਸੱਸੀਏ ਬੜੇਵੇਂ ਅੱਖੀਏ
ਤੈਥੋਂ ਡਰਦੇ ਲੈਣ ਨਾ ਆਏ
124/ਪੰਜਾਬੀ ਸਭਿਆਚਾਰ ਦੀ ਆਰਸੀ