ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਆਂ ਦੇ ਸੰਧਾਰੇ ਵਿੱਚ ਸੂਟ ਅਤੇ ਕੁਝ ਮਠਿਆਈ ਹੁੰਦੀ ਹੈ। ਯੂ.ਪੀ ਵਿੱਚ ਇਸ ਤਿਉਹਾਰ ਤੇ ਸਹੁਰੇ ਆਪਣੇ ਪੇਕੀਂ ਗਈ ਨੂੰਹ ਨੂੰ ਸੂਟ, ਚੂੜੀਆਂ, ਮਹਿੰਦੀ ਤੇ ਪਾਕ ਪਕਵਾਨ ਭੇਜਦੇ ਹਨ, ਜਿਵੇਂ ਪੰਜਾਬ ਵਿੱਚ ਕਰੂਏ ਦੇ ਵਰਤਾਂ ਨੂੰ ਸਰਘੀ ਭੇਜਣ ਦਾ ਰਿਵਾਜ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ ਇਕ ਲੋਕ ਗੀਤ ਵਿੱਚ ਇਸ ਤਰ੍ਹਾਂ ਕੀਤੀ ਗਈ ਹੈ:-

ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ

ਸਾਵਣ ਆਇਆ

ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ

ਸਾਵਣ ਆਇਆ

ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ

ਸਾਵਣ ਆਇਆ

ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ

ਸਾਵਣ ਆਇਆ

ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ

ਸਾਵਣ ਆਇਆ

ਹੱਥ ਦੀ ਵੇ ਦੇਵਾਂ ਤੁਹਾਨੂੰ ਮੁੰਦਰੀ
ਗਲ ਦਾ ਨੌ-ਲੱਖਾ ਹਾਰ
ਸਾਵਣ ਆਇਆ

ਆਪਣੇ ਗੁਆਂਢੀ ਪ੍ਰਾਂਤ ਰਾਜਸਥਾਨ ਵਿੱਚ ਵੀ ਤੀਜ ਦਾ ਤਿਉਹਾਰ ਪ੍ਰੰਪਰਾਗਤ ਰੂਪ ਵਿੱਚ ਮਨਾਇਆ ਜਾਂਦਾ ਹੈ। ਕਹਿੰਦੇ ਨੇ ਸਾਉਣ ਮਹੀਨੇ ਦੀ ਤੀਜੀ ਤਿਥੀ ਨੂੰ ਲੰਬੀ ਤਪੱਸਿਆ ਮਗਰੋਂ ਪਾਰਵਤੀ ਦਾ ਸ਼ਿਵ ਜੀ ਨਾਲੇ ਪੁਨਰ ਮਿਲਣ ਹੋਇਆ ਸੀ। ਇਸ ਲਈ ਇਸਤਰੀਆਂ ਲਈ ਤੀਜ ਦਾ ਤਿਉਹਾਰ ਪਵਿੱਤਰ ਮੰਨਿਆ ਜਾਂਦਾ ਹੈ। ਰਾਜਸਥਾਨ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੱਜੀਆਂ ਹੋਈਆਂ ਪਾਰਵਤੀ ਦੀਆਂ ਮੂਰਤੀਆਂ ਦੇ ਜਲੂਸ ਕੱਢੇ ਜਾਂਦੇ ਹਨ ਜਿਨ੍ਹਾਂ ਵਿੱਚ ਗੀਤ ਗਾਉਂਦੀਆਂ ਹੋਈਆਂ ਇਸਤਰੀਆਂ ਹੀ ਸ਼ਾਮਲ ਹੁੰਦੀਆਂ ਹਨ। ਇਸ ਦਿਨ ਪਰਿਵਾਰ ਦੀਆਂ ਸਾਰੀਆਂ ਇਸਤਰੀਆਂ ਨੂੰ ਰੰਗ-ਬਿਰੰਗੀਆਂ ਤੇ ਲਹਿਰੀਆ ਜਾਂ ਇੰਦਰ ਧਨੁਸ਼ੀ ਠੇਕੇ ਵਾਲੀਆਂ ਸਾੜੀਆਂ ਉਪਹਾਰ ਦੇ ਰੂਪ ਵਿੱਚ ਦੇਣ ਦਾ ਰਿਵਾਜ਼ ਹੈ। ਇਸ ਅਵਸਰ ’ਤੇ ਬਹੁਤ ਸਾਰੀਆਂ ਮਠਿਆਈਆਂ ਵੀ ਬਣਾਈਆਂ ਜਾਂਦੀਆਂ ਹਨ। ਘੇਵਰ, ਫੇਨੀ ਤੇ

125/ਪੰਜਾਬੀ ਸਭਿਆਚਾਰ ਦੀ ਆਰਸੀ