ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਦਿਕਾ

ਸਚਮੁੱਚ ਹੀ ਪੰਜਾਬੀ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਵਿਰਸੇ ਵਿੱਚ ਅਮੀਰ ਤੇ ਵਿਲੱਖਣ ਵਿਰਾਸਤ ਪ੍ਰਾਪਤ ਹੋਈ ਹੈ ਜਿਸ ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ।

ਕਿਸੇ ਭੂਗੋਲਿਕ ਖਿੱਤੇ ਵਿੱਚ ਵਸਦੇ ਲੋਕਾਂ ਦੇ ਜੀਵਨ ਢੰਗਾਂ ਨੂੰ ਓਸ ਖੇਤਰ ਦੇ ਲੋਕਾਂ ਦਾ ਸਭਿਆਚਾਰ ਆਖਿਆ ਜਾਂਦਾ ਹੈ। ਅਸਲ ਵਿੱਚ ਜੀਵਨ ਜਾਚ ਹੀ ਮਨੁੱਖ ਮਾਤਰ ਦਾ ਅਸਲ ਸਭਿਆਚਾਰ ਹੈ। ਇਸ ਦਾ ਵਿਕਾਸ ਮਨੁੱਖੀ ਵਿਕਾਸ ਦੇ ਨਾਲ ਹੀ ਹੁੰਦਾ ਹੈ... ਸਮੇਂ ਦੀਆਂ ਆਰਥਕ, ਸਮਾਜਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਅਨੁਸਾਰ ਇਸ ਵਿੱਚ ਸਮੇਂ ਸਮੇਂ ਤਬਦੀਲੀ ਵਾਪਰਦੀ ਰਹਿੰਦੀ ਹੈ ਪਰੰਤੂ ਸਭਿਆਚਾਰ ਦਾ ਖਾਸਾ ਇਹ ਹੈ ਕਿ ਇਹ ਕਦੀ ਵੀ ਖ਼ਤਮ ਨਹੀਂ ਹੁੰਦਾ, ਗਤੀਸ਼ੀਲ ਹੈ, ਭੂਗੋਲਿਕ ਅਤੇ ਸਮਾਜਿਕ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ।

ਮਨੁੱਖ ਜਾਤੀ ਦਾ ਰਹਿਣ-ਸਹਿਣ, ਖਾਧ ਖ਼ੁਰਾਕ, ਪਹਿਰਾਵਾ, ਕੰਮ-ਧੰਦੇ, ਮਨਪਰਚਾਵੇ, ਖੇਡਾਂ, ਲੋਕ ਕਲਾਵਾਂ, ਲੋਕ ਨਾਚ, ਲੋਕ ਸਾਹਿਤ ਦੇ ਭਿੰਨ-ਭਿੰਨ ਰੂਪ ਅਤੇ ਨੈਤਿਕ ਕਦਰਾਂ-ਕੀਮਤਾਂ ਆਦਿ ਸਭਿਆਚਾਰ ਦੇ ਮੂਲ ਤੱਤ ਹਨ ਜਿਨ੍ਹਾਂ ਦੇ ਅਧਾਰ 'ਤੇ ਕਿਸੇ ਖਿੱਤੇ ਦੇ ਸਭਿਆਚਾਰ ਦੀ ਨਿਸ਼ਾਨ-ਦੇਹੀ ਕੀਤੀ ਜਾਂਦੀ ਹੈ।

ਸਾਰੇ ਸੰਸਾਰ ਦੀਆਂ ਕੌਮਾਂ ਦੇ ਸਭਿਆਚਾਰਾਂ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ ਵਿਲੱਖਣਤਾਵਾਂ ਹਨ। ਹਰ ਕੌਮ ਆਪਣੀ ਵਿਰਾਸਤ ਤੇ ਮਾਣ ਕਰਦੀ ਹੈ...ਪੰਜਾਬੀਆਂ ਦੀਆਂ ਆਪਣੀਆਂ ਸ਼ਾਨਦਾਰ ਰਵਾਇਤਾਂ ਹਨ... ਅਸੀਂ ਆਪਣੇ ਮਹਾਨ ਵਿਰਸੇ ਦੇ ਵਾਰਸ ਹਾਂ.. ਪੰਜਾਬੀ ਸਭਿਆਚਾਰ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਰਹੀਆਂ ਹਨ, ਪੰਜਾਬ ਦੇ ਲੋਕ ਸੰਗੀਤ ਦੀਆਂ ਧੁਨਾਂ ਨੇ ਸੰਸਾਰ ਭਰ ਦੇ ਸੰਗੀਤ ਪ੍ਰੇਮੀਆਂ ਨੂੰ ਮੁਗਧ ਕੀਤਾ ਹੋਇਆ ਹੈ। ਪੰਜਾਬੀਆਂ ਦੇ ਪਹਿਰਾਵੇ ਅਤੇ ਖਾਣ-ਪੀਣ ਦੀ ਮੌਜ ਮਸਤੀ ਦੇ ਸੱਭੋ ਕਾਇਲ ਹਨ। ਪ੍ਰਦੇਸਾਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਓਥੇ ਆਪਣੇ ਸਭਿਆਚਾਰ ਦੀ ਮਹਿਕ ਵੰਡ ਰਹੇ ਹਨ।

ਮਸ਼ੀਨੀ ਸਭਿਅਤਾ ਦੇ ਵਿਕਾਸ ਦਾ ਪ੍ਰਭਾਵ ਜੀਵਨ ਦੇ ਹਰ ਖੇਤਰ ’ਤੇ ਪਿਆ ਹੈ। ਬਿਜਲਈ ਸੰਚਾਰ ਮਾਧਿਅਮਾਂ ਅਤੇ ਪ੍ਰਿੰਟ ਮੀਡੀਏ ਦੇ ਪ੍ਰਭਾਵ ਦੇ ਮਾਰੂ ਅਸਰਾਂ ਤੋਂ ਅਸੀਂ ਭਲੀ ਪ੍ਰਕਾਰ ਜਾਣੂੂੰ ਹਾਂ। 'ਕੇਬਲ ਕਲਚਰ' ਰਾਹੀਂ ਪੱਛਮੀ ਸਭਿਆਚਾਰ ਦਾ ਪ੍ਰਭਾਵ ਸਾਡੇ ਘਰਾਂ ਤੀਕਰ ਪੁੱਜ ਗਿਆ ਹੈ। ਸਾਡੇ ਸਮਾਜਿਕ ਤੇ ਸਦਾਚਾਰਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ...ਪਹਿਰਾਵਾ, ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ, ਰਸਮੋ-ਰਿਵਾਜ ਤੇ ਨੈਤਿਕ ਕਦਰਾਂ-ਕੀਮਤਾਂ ਬਦਲ ਰਹੀਆਂ ਹਨ। ਰਿਸ਼ਤਾ-ਨਾਤਾ ਪ੍ਰਣਾਲੀ ਵਿੱਚ ਪਈਆਂ ਤੇੜਾਂ ਨੇ ਸਾਡੇ ਭਾਈਚਾਰਕ ਜੀਵਨ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ,

9 ' ਪੰਜਾਬੀ ਦੀ ਆਰਸੀ