ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਾਕੰਦ ਇਸ ਤਿਉਹਾਰ ਦੀਆਂ ਮੁੱਖ ਮਠਿਆਈਆਂ ਹਨ। ਜੈਪੁਰ ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬੜੀ ਦੂਰ-ਦੁਰਾਡੇ ਦੇ ਪਿੰਡਾਂ ਤੋਂ ਲੋਕੀਂ ਇਸ ਦੋ ਦਿਨਾਂ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ। ਸ਼ਾਹੀ ਮਹੱਲ ਤੋਂ ਪਾਰਵਤੀ ਦੀ ਮੂਰਤੀ ਜਲੂਸ ਦੀ ਸ਼ਕਲ ਵਿੱਚ ਲਿਆਂਦੀ ਜਾਂਦੀ ਹੈ ਜਿਸ ਦੇ ਮੂਹਰੇ-ਮੂਹਰੇ ਸਜੇ ਹੋਏ ਹਾਥੀ ਤੇ ਘੋੜੇ ਚੱਲਦੇ ਹਨ। ਦੇਵੀ ਦੇ ਭੋਗ ਅਤੇ ਆਰਤੀ ਮਗਰੋਂ ਦੇਵੀ ਦੀ ਮੂਰਤੀ ਵਾਪਸ ਮਹੱਲ ਵਿੱਚ ਭੇਜ ਦਿੱਤੀ ਜਾਂਦੀ ਹੈ ਤੇ ਮੇਲਾ ਵਿਛੜ ਜਾਂਦਾ ਹੈ।”[1]
ਤੀਆਂ ਦੇ ਦਿਨਾਂ ਵਿੱਚ ਪੰਜਾਬੀ ਮੁਟਿਆਰਾਂ ਪ੍ਰਤੀ ਦਿਨ ਪਿੰਡੋਂ ਬਾਹਰ ਬਰੋਟਿਆਂ ਟਾਹਲੀਆਂ ਦੇ ਦਰੱਖ਼ਤਾਂ ਨਾਲ ਪੀਘਾਂ ਪਾ ਕੇ ਪੀਂਘਾਂ ਝੂਟਦੀਆਂ ਹਨ, ਨਾਲ਼ੇ ਗਿੱਧਾ ਪਾਉਂਦੀਆਂ ਹਨ ਤੇ ਗੋਰੇ-ਗੋਰੇ ਹੱਥਾਂ 'ਤੇ ਮਹਿੰਦੀ ਲਾਉਂਦੀਆਂ ਹਨ। ਗੋਰੀਆਂ ਬਾਹਾਂ ਰਾਂਗਲੀਆਂ ਵੰਗਾਂ ਨਾਲ ਸਜਾਉਂਦੀਆਂ ਹਨ। ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨੀ ਪੀਘਾਂ ਝੂਟਦੀਆਂ ਮੁਟਿਆਰਾਂ ਇਕ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ :-

ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲ਼ੇ ਰਾਮ ਪਿਅਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲ਼ੀ
ਜਨਤ ਦੀਆਂ ਭਿੱਜੀਆਂ ਮੇਢੀਆਂ
ਗਿਣਤੀ 'ਚ ਪੁਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲ਼ੇ ਨੂਰੀ ਨਾਭੇ ਵਾਲੀ
ਸ਼ਾਮੋਂ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿਜ ਗਈ ਲਾਜੋ ਵੇ-
ਬਹੁਤੇ ਹਿਰਖਾਂ ਆਲ਼ੀ

ਇਹਨਾਂ ਦਿਨਾਂ ਵਿੱਚ ਕਈ ਮੁਟਿਆਰਾਂ ਲੱਤਾਂ ਬਾਹਵਾਂ ਵੀ ਤੁੜਵਾ ਲੈਂਦੀਆਂ ਹਨ:-

ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਹੱਟੀਆਂ ਵਾਲੇ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ


  1. *ਧਰਮਪਾਲ , ‘ਰਾਜਸਥਾਨ’, ਨੈਸ਼ਨਲ ਬੁੱਕ ਟਰੱਸਟ ਇੰਡੀਆ, ਪੰਨਾ 127-128