ਗਿੱਧਾ ਪੰਜਾਬਣਾਂ ਦੇ ਰੋਮ-ਰੋਮ ਵਿੱਚ ਸਮਾ ਚੁੱਕਾ ਹੈ। ਤੀਆਂ ਦਾ ਗਿੱਧਾ ਇਕ ਅਜਿਹਾ ਪਿੜ ਹੈ ਜਿੱਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ-ਗੁਭਾੜ ਕੱਢਦੀਆਂ ਹਨ। ਫਤੂਹਾ ਪਾਉਣ ਸਮੇਂ ਉਹ ਭਿੰਨ-ਭਿੰਨ ਸਾਂਗ ਕੱਢਦੀਆਂ ਹੋਈਆਂ ਸਮਾਂ ਬੰਨ੍ਹ ਦੇਂਦੀਆਂ ਹਨ। ਸੱਸ, ਜੇਠ, ਜਠਾਣੀ, ਦਿਓਰ, ਅਨਜੋੜ ਪਤੀ, ਪ੍ਰਦੇਸੀ ਢੋਲਾ, ਵੀਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾਏ ਜਾਂਦੇ ਹਨ ਅਤੇ ਬਿਦ-ਬਿਦ ਕੇ ਬੋਲੀਆਂ ਪਾਈਆਂ ਜਾਂਦੀਆਂ ਹਨ:-
ਸਿਖਰ ਦੁਪਹਿਰੇ ਵੰਗਾਂ ਵਾਲਾ ਆਇਆ
ਹੋਕਾ ਦਿੰਦਾ ਸੁਣਾ, ਸ਼ਾਵਾ
ਸੱਸ ਨੂੰ ਵੀ ਆਖਦੀ
ਨਨਾਣ ਨੂੰ ਭੀ ਆਖਦੀ
ਵੰਗਾਂ ਦਿਓ ਜੀ ਚੜ੍ਹਾ, ਸ਼ਾਵਾ
ਸੱਸ ਵੀ ਨਾ ਬੋਲਦੀ
ਨਨਾਣ ਵੀ ਨਾ ਬੋਲਦੀ
ਆਪੇ ਲਈਆਂ ਮੈਂ ਚੜ੍ਹਾ, ਸ਼ਾਵਾ
ਢਲੇ ਪ੍ਰਛਾਵੇਂ ਚਰਖੜਾ ਡਾਹਿਆ
ਬਾਹਰੋਂ ਆਇਆ ਉਹ ਹੱਸਦਾ ਹੱਸਦਾ
ਭਾਬੀਆਂ ਨੇ ਦਿੱਤਾ ਸਿਖਾ, ਸ਼ਾਵਾ
ਫੜਕੇ ਸੋਟਾ ਕੁੱਟਣ ਲੱਗਾ
ਵੰਗਾਂ ਨੂੰ ਕੀਤਾ ਸਫਾ, ਸ਼ਾਵਾ
ਨੈਣ ਕਟੋਰੇ ਭਰ ਭਰ ਡੁੱਲ੍ਹਣ
ਨੀਰ ਨਾ ਥੰਮਿਆ ਜਾ, ਸ਼ਾਵਾ
ਵੰਗਾਂ ਦੇ ਮੈਂ ਟੋਟੇ ਚੁਗ ਚੁਗ
ਲਏ ਝੋਲੀ ਵਿੱਚ ਪਾ, ਸ਼ਾਵਾ
ਆਓ ਕਹਾਰੋ ਡੋਲਾ ਚੁੱਕ ਲਓ
ਘੋੜਾ ਪੀੜਕੇ ਮੋੜਣ ਭੱਜਾ
ਮਗਰੇ ਵਾਹੋ ਦਾਹ, ਸ਼ਾਵਾ
ਆਖੇ ਆਹ ਲੈ ਪੰਜ ਰੁਪਏ
ਵੰਗਾਂ ਹੋਰ ਚੜ੍ਹਾ, ਸ਼ਾਵਾਂ
ਪੰਜ ਵੀ ਨਾ ਲੈਣੇ
ਪੰਜਾਹ ਵੀ ਨਾ ਲੈਣੇ
ਤੂੰ ਭਾਬੋ ਦੀਆਂ ਪੱਕੀਆਂ ਖਾਹ, ਸ਼ਾਵਾ
ਮਹਿੰਦੀ ਰੰਗੇ ਹੱਥ ਹਰਕਤ ਵਿੱਚ ਆਉਂਦੇ ਹਨ। ਗਿੱਧਾ ਮੱਘ ਪੈਂਦਾ ਹੈ। ਸੱਸਾਂ ਬਾਰੇ ਅਨੇਕਾਂ ਬੋਲੀਆਂ ਪਾਈਆਂ ਜਾਂਦੀਆਂ ਹਨ:-
128/ਪੰਜਾਬੀ ਸਭਿਆਚਾਰ ਦੀ ਆਰਸੀ