ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦ ਚੜ੍ਹਿਆ ਬਾਪ ਦੇ ਵਿਹੜੇ

ਵੀਰ ਘਰ ਪੁੱਤ ਜੰਮਿਆ

ਬਾਪੂ ਤੇਰੇ ਮੰਦਰਾਂ 'ਚੋਂ
ਸਾਨੂੰ ਮੁਸ਼ਕ ਚੰਦਨ ਦਾ ਆਵੇ

ਤੀਆਂ ਦੇ ਪਿੜ ਵਿੱਚ ਕੋਈ ਬੰਦਸ਼ ਨਹੀਂ, ਕੋਈ ਰੋਕ-ਟੋਕ ਨਹੀਂ, ਨਾ ਸੱਸ ਦਾ ਡਰ ਨਾ ਬਾਪੂ ਤੇ ਵੀਰ ਦੀ ਘੁਰਕੀ ਦਾ ਭੈਅ। ਮਨ ਦੇ ਗੁਭ ਗੁਭਾੜ ਕੱਢ ਕੇ ਹੌਲੀਆਂ ਫੁੱਲ ਹੋ ਜਾਂਦੀਆਂ ਹਨ ਤੇ ਸਾਉਣ ਦੇ ਖ਼ਤਮ ਹੁੰਦੇ ਸਾਰ ਹੀ ਤੀਆਂ ਦਾ ਤਿਉਹਾਰ ਖ਼ਤਮ ਹੋ ਜਾਂਦਾ ਹੈ। ਭਾਦੋਂ ਚੜ੍ਹ ਜਾਂਦੀ ਹੈ। ਵਿਆਹੀਆਂ ਸਹੁਰੇ ਤੁਰ ਜਾਂਦੀਆਂ ਹਨ:-

ਭਾਦੋਂ ਕੜਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ

ਭਾਦੋਂ ਵਿੱਚ ਬਹੁਤੀਆਂ ਕੁੜੀਆਂ ਦੇ ਮੁਕਲਾਵੇ ਤੋਰੇ ਜਾਂਦੇ ਹਨ:-

ਤੀਆਂ ਤੀਜ ਦੀਆਂ
ਭਾਦੋਂ ਦੇ ਮੁਕਲਾਵੇ

ਸਾਉਣ ਕੁੜੀਆਂ ਦਾ ਮੇਲ ਕਰਾਉਂਦਾ ਹੈ। ਇਸ ਲਈ ਉਹ ਉਸ ਨੂੰ ਆਪਣੇ ਵੀਰਾਂ ਜਿਹਾ ਸਨਮਾਨ ਦੇਂਦੀਆਂ ਹਨ:-

ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਸਾਡੇ ਲੋਕ ਜੀਵਨ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਹਨ। ਪਹਿਲੇ ਸ਼ੌਕ ਰਹੇ ਨਹੀਂ, ਨਾ ਹੀ ਵਿਹਲ ਹੈ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲੇ ਸ਼ੌਕ ਅਤੇ ਉਤਸ਼ਾਹ ਨਾਲ ਨਹੀਂ ਮਨਾਇਆ ਜਾ ਰਿਹਾ। ਸਾਡੇ ਤਿਉਹਾਰ ਪੰਜਾਬੀ ਸਭਿਆਚਾਰ ਦਾ ਵਡਮੁੱਲਾ ਅੰਗ ਹਨ ਇਹਨਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।

130/ਪੰਜਾਬੀ ਸਭਿਆਚਾਰ ਦੀ ਆਰਸੀ