ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਪ ਸੱਸ ਮੰਗਜੇ ਲੇਟਦੀ

ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ
 

ਮੇਰੀ ਸੱਸ ਨੇ ਮੱਕੀ ਦਾ ਟੁਕ ਮਾਰਿਆ

ਡੌਲੇ ਕੋਲੋਂ ਬਾਂਹ ਟੁਟਗੀ
 

ਮਾਪਿਆਂ ਨੇ ਰੱਖੀ ਲਾਡਲੀ

ਅੱਗੋਂ ਸੱਸ ਬਘਿਆੜੀ ਟੱਕਰੀ
 

ਸੱਸ ਦੇ ਸਤਾਰਾਂ ਕੁੜੀਆਂ

ਮੱਥਾ ਟੇਕਦੀ ਨੂੰ ਬਾਰਾਂ ਵਜ ਜਾਂਦੇ
 

ਨਿੰਮ ਦਾ ਕਰਾ ਦੇ ਘੋਟਣਾ

ਸੱਸ ਕੁੱਟਣੀ ਸੰਦੂਕਾਂ ਓਹਲੇ
 

ਸੁਥਣੇ ਸੂਫ਼ ਦੀਏ
ਤੈਨੂੰ ਸੱਸ ਦੇ ਮਰੇ ਤੇ ਪਾਵਾਂ

ਕੋਈ ਜੇਠ ਤੋਂ ਸਤੀ ਹੋਈ ਆਪਣਾ ਗੁਭ-ਗੁਭਾੜ ਕੱਢਦੀ ਹੈ : -

ਅਸੀਂ ਜੇਠ ਨੂੰ ਲੱਸੀ ਨੀ ਦੇਣੀ

ਦਿਓਰ ਭਾਵੇਂ ਦੁੱਧ ਪੀ ਲਵੇ
 

ਰਾਂਝਾ ਰੁਲਦੂ ਬੱਕਰੀਆਂ ਚਾਰੇ

ਘਰ ਮੇਰੇ ਜੇਠ ਦੀ ਪੁੱਗੇ
 

ਪੌੜੀ ਵਿੱਚ ਅੱਧ ਮੇਰਾ
ਅਸੀਂ ਜੇਠ ਚੜ੍ਹਨ ਨੀ ਦੇਣਾ

ਵੀਰ ਪਿਆਰ ਦੀ ਭਾਵਨਾ ਵਾਲੀਆਂ ਬੋਲੀਆਂ ਵੀ ਗਿੱਧੇ ਦਾ ਸ਼ਿੰਗਾਰ ਬਣਦੀਆਂ ਹਨ :-

ਇਕ ਵੀਰ ਦਈਂ ਵੇ ਰੱਬਾ

ਸੌਂਹ ਖਾਣ ਨੂੰ ਬੜਾ ਚਿੱਤ ਕਰਦਾ
 

ਜਿਸ ਘਰ ਵੀਰ ਨਹੀਂ

ਭੈਣਾਂ ਰੋਂਦੀਆਂ ਪਛੋਕੜ ਖੜ੍ਹਕੇ
 

ਜਿੱਥੇ ਮੇਰਾ ਵੀਰ ਲੰਘਿਆ

ਕੌੜੀ ਨਿੰਮ ਨੂੰ ਪਤਾਸੇ ਲੱਗਦੇ
 

ਵੀਰਾ ਵੇ ਬੁਲਾ ਸੋਹਣਿਆ
ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ

129/ਪੰਜਾਬੀ ਸਭਿਆਚਾਰ ਦੀ ਆਰਸੀ