ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੋਰਨਾਂ ਨੂੰ ਝੋਰਾ ਮਾਲ ਦਾ

ਮੈਨੂੰ ਵੀਰਨਾ ਤੇਰਾ ਵੇ

ਲਿੱਪਿਆ ਸਮਾਰਿਆ ਚੌਂਤਰਾ
ਝਟ ਬਹਿਕੇ ਜਾਇਓ ਵੇ
ਕਟੋਰਾ ਭਰਿਆ ਦੁੱਧ ਦਾ
ਦੁੱਧ ਦਾ ਘੁਟ ਪੀ ਕੇ ਜਾਇਓ ਵੇ

ਹੋਰ ਵੀ ਕਈ ਪ੍ਰਕਾਰ ਦੇ ਗੀਤ ਸੁਣਾਈ ਦੇਂਦੇ ਹਨ:-

ਚੜ੍ਹ ਵੇ ਚੰਦਾ ਦੇ ਦੇ ਸੁਰਖੀ
ਘਰ ਹੈਨੀ ਬਾਗ ਦਾ ਮੁਣਸ਼ੀ ਵੇ
ਚੜ੍ਹ ਵੇ ਚੰਦਾ ਦੇ ਦੇ ਲਾਲੀ

ਘਰ ਹੈ ਨੀ ਬਾਗ ਦਾ ਮਾਲੀ ਵੇ

ਚੜ੍ਹ ਚੜ੍ਹ ਚੰਦਾ ਵੇ
ਚੰਦ ਚੜ੍ਹਦਾ ਕਿਉਂ ਨਾ
ਰੁੱਠੜਾ ਮੇਰਾ ਲਾਲ

ਵਿਹੜੇ ਵੜਦਾ ਕਿਉਂ ਨਾ

ਬਾਲੀਆਂ ਤੇ ਬਾਲੇ ਦੇ ਵਿੱਚ
ਸੋਹੇ ਬਿੰਦੀ
ਚਤਰ ਜਹੀ ਨਾਰ

ਨਾਲ ਮੂਰਖ ਮੰਗੀ

ਬਾਲੀਆਂ ਤੇ ਬਾਲੇ ਦੇ ਵਿੱਚ
ਸੋਹੇ ਟਿੱਕਾ
ਚਤਰੇ ਦੀ ਨਾਰ ਮੂਰਖ ਵਿਆਹੁਣ ਢੁੱਕਾ
ਚਤਰੇ ਦੀ ਨਾਰ ਬੈਠੀ ਸੀਸ ਗੁੰਦਾਵੇ
ਮੂਰਖ ਦੀ ਨਾਰ ਖੋਹਲ ਗਲਾਂ ਵਿੱਚ ਪਾਵੇ
ਚਤਰੇ ਦੀ ਨਾਰ ਬੈਠੀ ਧਾਗੇ ਵੱਟੇ
ਮੂਰਖ ਦੀ ਨਾਰ ਬੈਠੀ ਨੀਲ ਪਲੱਟੇ
ਚਤਰੇ ਦੀ ਨਾਰ ਬੈਠੀ ਹਾਰ ਪਰੋਵੇ
ਮੂਰਖ ਦੀ ਨਾਰ ਬੈਠੀ, ਛਮ ਛਮ ਰੋਵੇ

ਕਿਸੇ ਪਾਸੇ ਕੋਈ ਬਿਰਹਾ ਕੁੱਠੀ ਪ੍ਰਦੇਸੀਂ ਗਏ ਮਾਹੀ ਨੂੰ ਯਾਦ ਕਰਦੀ ਹੈ। ਨਵੇਂ ਤੋਂ ਨਵਾਂ ਗੀਤ ਉਗਮਦਾ ਹੈ ਤੇ ਦੂਰ ਦਿਸਹੱਦੇ ਤੇ ਚੰਦ ਦੀ ਲਾਲੀ ਉਭਰਨ ਲਗਦੀ ਹੈ ਤੇ ਸੁਆਣੀਆਂ ਬਲਟੋਹੀ ਜਾਂ ਝੱਕਰੇ ਵਿੱਚ ਕੱਚੀ ਲੱਸੀ ਪਾ ਕੇ ਉਹਦੇ ਵਿੱਚ ਆਪਣੇ-ਆਪਣੇ ਹੱਥ ਪਾ ਕੇ ਧਰਤੀ 'ਤੇ ਬੈਠ ਜਾਂਦੀਆ ਹਨ ਤੇ ਉਸ ਨੂੰ ਘੁੰਮਾਉਂਦੀਆਂ ਹੋਈਆਂ ਹੇਠ ਲਿਖਿਆ ਗੀਤ ਗਾਉਂਦੀਆਂ ਹਨ:-

134/ਪੰਜਾਬੀ ਸਭਿਆਚਾਰ ਦੀ ਆਰਸੀ