ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਂਝੀ ਦਾ ਤਿਉਹਾਰ

‘ਸਾਂਝੀ ਮਾਈ' ਜਾਂ 'ਸਾਂਝੀ ਦੇਵੀਂ' ਕੁੜੀਆਂ ਦਾ ਦੁਸਹਿਰੇ ਦੇ ਦਿਨਾਂ ਦਾ ਤਿਉਹਾਰ ਹੈ। ਇਹ ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਕਹਿੰਦੇ ਹਨ, “ਸਾਂਝੀ ਮਾਈ" ਇਕ ਕੁਆਰੀ ਦੇਵੀ ਹੈ। ਇਸ ਨੂੰ ਜੇਕਰ ਕੁਆਰੀਆਂ ਕੁੜੀਆਂ ਪੂਜਣ ਤਾਂ ਉਹਨਾਂ ਨੂੰ ਸੁਸ਼ੀਲ ਅਤੇ ਸੁਨੱਖੇ ਵਰ ਪ੍ਰਾਪਤ ਹੁੰਦੇ ਹਨ। ਨਿੱਕੀਆਂ ਤੇ ਵੱਡੀਆਂ ਕੁੜੀਆਂ ਸਾਂਝੀ ਮਾਈ ਪਾਸ ਕਈ ਸੁੱਖਾਂ ਸੁਖਦੀਆਂ ਹਨ-ਕੋਈ ਵਰ ਮੰਗਦੀ ਹੈ, ਕੋਈ ਭਾਬੋ ਤੇ ਕੋਈ ਭਤੀਜਾ।

ਪਹਿਲੇ ਨਰਾਤੇ ਤੋਂ ਇਕ ਦੋ ਦਿਨ ਪਹਿਲਾਂ ਗਲੀ ਗੁਆਂਢ ਦੀਆਂ ਨਿੱਕੀਆਂ ਵੱਡੀਆਂ ਕੁੜੀਆਂ ਇਕੱਠੀਆਂ ਹੋ ਕੇ ਚੀਕਣੀ ਮਿੱਟੀ ਦੇ, ਸੈਂਕੜਿਆਂ ਦੀ ਗਿਣਤੀ ਵਿੱਚ ਚੰਦਊਏ ਜਾਂ ਤਾਰੇ ਬਣਾ ਕੇ ਧੁੱਪ ਵਿੱਚ ਸੁਕਾ ਲੈਂਦੀਆਂ ਹਨ। ਫਿਰ ਇਹਨਾਂ ਨੂੰ ਵੱਖੋ-ਵੱਖਰੇ ਰੰਗਾਂ ਨਾਲ ਰੰਗਿਆ ਜਾਂਦਾ ਹੈ। ਤਾਰੇ ਅਥਵਾ ਟਿੱਕੀਆਂ ਤੋਂ ਬਿਨਾਂ ਕਈ ਸਿਆਣੀਆਂ ਕੁੜੀਆਂ ਸਾਂਝੀ ਮਾਈ ਲਈ ਗਹਿਣੇ, ਨੱਥ, ਮੱਛਲੀ,ਚੂੜਾ, ਸੱਗੀ ਫੁੱਲ, ਬਾਂਕਾਂ ਤੇ ਚੌਂਕ ਆਦਿ ਮਿੱਟੀ ਦੇ ਹੀ ਬਣਾਉਂਦੀਆਂ ਹਨ। ਮਿੱਟੀ ਦੇ ਹੀ ਭਾਂਡੇ ਚੱਕਲਾ-ਵੇਲਣਾ, ਤਵਾ, ਪਰਾਤ ਵੀ ਬਣਾਏ ਜਾਂਦੇ ਹਨ। ਕੋਈ ਜਣੀ ਚੰਦ-ਸੂਰਜ ਤੇ ਤਾਰੇ ਆਦਿ ਬਣਾਉਂਦੀ ਹੈ, ਕੋਈ ਮੋਧਨ ਦੀ ਆਕ੍ਰਿਤੀ, ਕੋਈ ਬਾਹਮਣੀ ਦੀ ਮੂਰਤ ਬਣਾ ਲੈਂਦੀ ਹੈ, ਕੋਈ ਹੁੱਕਾ ਪੀਂਦੇ ਮਰਾਸੀ ਦੀ। ਇਹ ਮੂਰਤੀਆਂ ਬੜੀ ਰੀਝ ਨਾਲ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਪੇਂਡੂ ਕੁੜੀਆਂ ਦੀ ਲੋਕ ਕਲਾ ਰੂਪਮਾਨ ਹੋ ਉੱਠਦੀ ਹੈ।

ਪਹਿਲੇ ਨਰਾਤੇ ਨੂੰ ਸਵੇਰੇ-ਸਵੇਰੇ ਕੁੜੀਆਂ ਨਹਾ ਧੋ ਕੇ ਗੋਹੇ ਨਾਲ ਲਿੱਪੀ ਕੰਧ ਉੱਤੇ ਗੋਹੇ ਨਾਲ ਸਾਂਝੀ ਮਾਈ ਦੀ ਮੂਰਤੀ ਚਿਪਕਾਉਂਦੀਆਂ ਹਨ। ਮੂਰਤੀ ਨੂੰ ਸਜਾਉਣ ਵਿੱਚ ਕੁੜੀਆਂ ਆਪਣੀ ਲੋਕ ਪ੍ਰਤਿਭਾ ਦਾ ਚਮਤਕਾਰ ਵਿਖਾਉਂਦੀਆਂ ਹਨ। ਇਹ ਮੂਰਤੀ ਬੜੀ ਖੂਬਸੂਰਤ ਹੁੰਦੀ ਹੈ। ਇਸ ਨੂੰ ਮਿੱਟੀ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਸ ਮੂਰਤੀ ਦੇ ਪਿਛੋਕੜ ਵਿੱਚ ਚੜ੍ਹ ਰਹੇ ਚੰਦ ਤੇ ਛਿਪ ਰਹੇ ਸੂਰਜ ਨੂੰ ਵੀ ਮੂਰਤੀਮਾਨ ਕੀਤਾ ਜਾਂਦਾ ਹੈ। ਕੁੜੀਆਂ ਆਪਣੇ-ਆਪਣੇ ਘਰਾਂ ਵਿੱਚ ਸਾਂਝੀ ਮਾਈ ਦੀ ਮੂਰਤੀ ਆਪਣੀ-ਆਪਣੀ ਪ੍ਰਤਿਭਾ ਅਨੁਸਾਰ ਬਣਾਉਂਦੀਆਂ ਹਨ। ਹਰ ਕੁੜੀ ਚਾਹੁੰਦੀ ਹੈ ਕਿ ਉਹਦੀ ਸਾਂਝੀ ਦੂਜੀ ਕੁੜੀ ਨਾਲੋਂ ਸੋਹਣੀ ਹੋਵੇ। ਇਹ ਜ਼ਰੂਰੀ ਨਹੀਂ ਕਿ ਇਹ ਸਾਂਝੀ ਇਕ ਪ੍ਰਕਾਰ ਦੀ ਹੀ ਹੋਵੇ। ਕੁੜੀਆਂ ਆਪਣੀ ਆਪਣੀ ਸੂਝ ਅਤੇ ਕਲਪਨਾ ਅਨੁਸਾਰ ਇਸ ਦੀ ਮੂਰਤੀ ਬਣਾਉਂਦੀਆਂ ਹਨ। ਸਾਂਝੀ ਮਾਈ ਦੀਆਂ ਮੂਰਤੀਆਂ ਪੇਂਡੂ ਲੋਕ ਕਲਾ ਦਾ ਦਿਲਚਸਪ ਨਮੂਨਾ ਹੁੰਦੀਆਂ ਹਨ।

ਸਾਂਝੀ ਮਾਈ ਦੀ ਮੂਰਤੀ ਬਣਾਉਣ ਮਗਰੋਂ ਘਰਾਂ ਦੀਆਂ ਸੁਆਣੀਆਂ ਸਾਂਝੀ ਮਾਈ

136/ ਪੰਜਾਬੀ ਸਭਿਆਚਾਰ ਦੀ ਆਰਸੀ