ਦਾ ਪ੍ਰਸ਼ਾਦ ਬਣਾਉਂਦੀਆਂ ਹਨ। ਇਹ ਪ੍ਰਸ਼ਾਦਿ ਆਮ ਤੌਰ 'ਤੇ ਆਟੇ ਨੂੰ ਭੁੰਨ ਕੇ ਵਿੱਚ ਗੁੜ ਸ਼ੱਕਰ ਰਲਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਸੁੱਕੀ ਪੰਜੀਰੀ ਆਖਦੇ ਹਨ। ਕਈ ਪੰਜੀਰੀ ਦੀ ਥਾਂ ਗੁੜ ਜਾਂ ਸ਼ੱਕਰ ਹੀ ਵੰਡ ਕੇ ਕੰਮ ਸਾਰ ਲੈਂਦੀਆਂ ਹਨ। ਸਰਦੇ ਪੁੱਜਦੇ ਘਰਾਂ 'ਚ ਘਿਓ ਵਾਲੀ ਵਧੀਆ ਪੰਜੀਰੀ ਤਿਆਰ ਕੀਤੀ ਜਾਂਦੀ ਹੈ।
ਸਾਂਝੀ ਮਾਈ ਦੀ ਪੂਜਾ ਬੜੇ ਦਿਲ ਖਿੱਚਵੇਂ ਢੰਗ ਨਾਲ ਕੀਤੀ ਜਾਂਦੀ ਹੈ। ਘਰ-ਘਰ ਸਾਂਝੀ ਮਾਈ ਲੱਗੀ ਹੁੰਦੀ ਹੈ। ਕੁੜੀਆਂ ਤੇ ਛੋਟੇ ਬੱਚੇ ਇਥੱਠੇ ਹੋ ਕੇ ਹਰ ਘਰ ਜਾਂਦੇ ਹਨ ਤੇ ਸਾਂਝੀ ਦੇ ਗੀਤ ਗਾਉਂਦੇ ਹੋਏ ਸਾਂਝੀ ਦੀ ਪੂਜਾ ਕਰਦੇ ਹਨ।
ਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਘਿਓ ਦਾ ਚਮੁਖੀਆ ਦੀਵਾ ਬਾਲ ਕੇ ਕੁੜੀਆਂ ਸਾਂਝੀ ਦੇ ਮੰਤਰ ਵਜੋਂ ਇਹ ਗੀਤ ਆਰੰਭਦੀਆਂ ਹਨ:-
ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ
ਫਿਰ ਅਗਲਾ ਗੀਤ ਸ਼ੁਰੂ ਹੁੰਦਾ ਹੈ:
ਜਾਗ ਸਾਂਝੀ ਜਾਗ
ਤੇਰੇ ਮੱਥੇ ਆਇਆ ਭਾਗ
ਤੇਰੇ ਪੱਟੀਆਂ ਸੁਹਾਗ।
ਇਸ ਮਗਰੋਂ ਉਹ ਸਾਂਝੀ ਨੂੰ ਖੁਸ਼ ਕਰਨ ਲਈ ਸਾਂਝੀ ਦੇ ਗੀਤ ਗਾਉਂਦੀਆਂ ਹਨ:-
ਸਾਂਝੀ ਕੁੜੀਓ ਪਹਾੜ ਵਸਦੀ
ਰਾਜੇ ਰਾਮ ਦੀ ਪੋਤੀ
ਲੈਣ ਕਿਉਂ ਨੀ ਜਾਂਦਾ
ਭਾਈ ਮੋਧਨਾ ਵੇ
ਤੇਰੀ ਲੰਮੀ ਲੰਮੀ ਬੋਦੀ
ਬੋਦੀ ਨੂੰ ਲਗੜੇ ਫੰਦੇ
ਤੇਰੀ ਮਖਮਲ ਦੀ ਟੋਪੀ
ਜਾਂਗੀਆ ਸਮਾਦੇ ਰੇਸ਼ਮੀ
ਵਿੱਚ ਸੁਚੜੇ ਮੋਤੀ
ਉਹ ਸਾਂਝੀ ਪਾਸੋਂ ਗਾਉਂਦੀਆਂ ਹੋਈਆਂ ਪੁੱਛਦੀਆਂ ਹਨ:-
ਸਾਂਝੀ ਦੇ ਆਲੇ ਦੁਆਲੇ
ਹੀਰੀਓ ਚਲਾਈ
ਮੈਂ ਤੈਨੂੰ ਪੁੱਛਾਂ ਸਾਂਝੀ
ਕੈ ਤੇਰੇ ਭਾਈ
ਅੱਠ ਸੱਤ ਭਤੀਜੇ ਭੈਣੋਂ
ਸੋਲਾਂ ਮੇਰੇ ਭਾਈ
ਸੱਤਾਂ ਦਾ ਮੈਂ ਵਿਆਹ ਰਚਾਇਆ
ਸੋਲਾਂ ਦੀ ਵਧਾਈ
137/ਪੰਜਾਬੀ ਸਭਿਆਚਾਰ ਦੀ ਆਰਸੀ