ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਜਗਦਾ ਦੀਵਾ ਰੱਖ ਕੇ ਸਾਂਝੀ ਮਾਈ ਦੀ ਮੂਰਤੀ ਦੇ ਆਲੇ-ਦੁਆਲੇ ਥਾਲ ਘੁਮਾਉਂਦੇ ਹੋਏ ਗਾਉਂਦੀਆਂ ਹਨ:-

ਮੇਰੀ ਆਰੇ ਦੀ ਡੋਲ
ਪੀਹੜੇ ਡਾਹੇ ਦੀ ਡੋਲ
ਗੌਦ ਘਲਾਏ ਦੀ ਡੋਲ
ਜੋਤ ਜਗਾਈ ਦੀ ਡੋਲ
ਡੋਲਾ ਡੋਲੜੀਓ ਭੈਣੋ

ਡੋਲਾ ਭਰਿਆ ਕਟੋਰਿਆਂ ਨਾਲ

ਸਾਂਝੀ ਮਾਈ ਆਰਤੀ
ਆਰਤੀ ਦਾ ਫੁੱਲ
ਚੰਗੇਰ ਸੌ ਡੰਡੀ
ਸੁਣੋ ਨੀ ਬਹੂਓ
ਕੰਤ ਤੁਹਾਡੇ
ਵੀਰਨ ਸਾਡੇ
ਲੇਫ ਤਲਾਈ ਵਿੱਚ ਬੈਠੀ
ਮੇਰੀ ਸਾਂਝੀ ਮਾਈ

ਇਸ ਮਗਰੋਂ ਹੇਠ ਲਿਖੀ ਆਰਤੀ ਪੰਜ ਵਾਰ ਗਾਈ ਜਾਂਦੀ ਹੈ:-

ਪਹਿਲੀ ਆਰਤੀ ਕਰਾਂ ਕਰਾਵਾਂ
ਜੀਵੇ ਮੇਰਾ ਵੀਰ ਪਰਾਹੁਣਾ ਅੜੀਓ
ਮੈਂ ਸ਼ਿਵ ਦੁਆਲੇ ਖੜੀਓ
ਮੈਂ ਹਰਕਾ ਦਰਸਣ ਪਾਇਆ
ਮੇਰਾ ਵੀਰ ਪਰਾਹੁਣਾ ਆਇਆ
ਖੋਹਲ ਨਰੈਣ ਅਟੜੀ
ਮੈਂ ਪੂਜਾਂ ਤੇਰੀ ਪਟੜੀ
ਮੈਂ ਪੂਜਾਂ ਹਰ ਕੇ ਪੈਰ

ਉਪਰੋਕਤ ਆਰਤੀ ਗਾਉਣ ਮਗਰੋਂ ਸੁੱਕੀ ਪੰਜੀਰੀ ਜਾਂ ਤਿਲਚੌਲੀ ਦਾ ਪ੍ਰਸ਼ਾਦ ਸਾਂਝੀ ਨੂੰ ਭੋਗ ਲੁਆਉਣ ਮਗਰੋਂ ਸਾਰੇ ਬੱਚਿਆਂ ਵਿੱਚਕਾਰ ਵੰਡਿਆ ਜਾਂਦਾਹੈ। ਇਸ ਮਗਰੋਂ ਕੁੜੀਆਂ ਅਗਲੀ ਕੁੜੀ ਦੇ ਘਰ ਜਾ ਕੇ ਪਹਿਲੀ ਰੀਤੀ ਅਨੁਸਾਰ ਮੁੱਢੋਂ-ਸੁੱਢੋਂ ਸਾਂਝੀ ਮਾਈ ਦੀ ਪੂਜਾ ਕਰਦੀਆਂ ਹਨ। ਇਸ ਪ੍ਰਕਾਰ ਇਕ ਦਿਨ ਦਾ ਪ੍ਰੋਗਰਾਮ ਖ਼ਤਮ ਹੋ ਜਾਂਦਾ ਹੈ। ਇਹ ਪ੍ਰੋਗਰਾਮ ਨੌਂ ਦਿਨ ਚੱਲਦਾ ਰਹਿੰਦਾ ਹੈ।

ਦੁਸਹਿਰੇ ਵਾਲੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਇਹ ਗੀਤ ਗਾਉਂਦੀਆਂ ਹੋਈਆਂ ਲਾਹ ਲੈਂਦੀਆਂ ਹਨ:-

ਗੁੱਸੇ ਨਾ ਹੋਈਂ ਸਾਂਝੜੀਏ
ਪਰ ਨੂੰ ਫੇਰ ਮੰਗਾਵਾਂਗੇ

141/ਪੰਜਾਬੀ ਸਭਿਆਚਾਰ ਦੀ ਆਰਸੀ