ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਰਸਮੋ ਰਿਵਾਜ

ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚੱਲਤ ਵੰਨ-ਸੁਵੰਨੀਆਂ ਰਸਮਾਂ ਪੰਜਾਬੀ ਲੋਕਾਂ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਤਾਂ ਉਹਨਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ, ਅਰਮਾਨਾਂ ਅਤੇ ਜਜ਼ਬਾਤਾਂ ਨੂੰ ਪ੍ਰਗਟਾਉਣ ਵਾਲੀਆਂ ਕੂਲ੍ਹਾਂ ਹਨ। ਇਹ ਉਹ ਸਾਂਝ ਦੀਆਂ ਡੋਰਾਂ ਹਨ ਜਿਨ੍ਹਾਂ ਨਾਲ ਸਮੁੱਚਾ ਭਾਈਚਾਰਾ ਫੁੱਲਾਂ ਦੀ ਲੜੀ ਵਾਂਗ ਪਰੋਇਆ ਹੋਇਆ ਹੈ। ਇਹ ਰਸਮਾਂ ਸਮੁੱਚੇ ਭਾਈਚਾਰੇ ਦੇ ਦੁੱਖਾਂ ਸੁੱਖਾਂ ਨੂੰ ਸਾਂਝੇ ਮੰਚ 'ਤੇ ਪੇਸ਼ ਕਰਦੀਆਂ ਹਨ। ਇਕੱਲੇ ਦਾ ਗ਼ਮ ਸਾਰੇ ਭਾਈਚਾਰੇ ਦਾ ਗ਼ਮ ਹੋ ਨਿਬੜਦਾ ਹੈ ਅਤੇ ਇਕੱਲੇ ਦੀ ਖ਼ੁਸ਼ੀ ਸਮੁੱਚੇ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੌੜਾ ਦੇਂਦੀ ਹੈ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਰਾਤਨ ਰਸਮਾਂ ਦੀ ਪਕੜ ਓਨੀਂ ਪਕੇਰੀ ਨਹੀਂ ਰਹੀ ਜਿੰਨੀ ਕਿ ਪੁਰਾਣੇ ਸਮਿਆਂ ਵਿੱਚ ਸੀ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਲੋਕ ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀਆਂ ਆਈਆਂ ਹਨ।ਵਿਦਿਆ ਦੇ ਪਸਾਰ ਕਾਰਨ ਵੀ ਇਹਨਾਂ ਰਿਵਾਜਾਂ ਵਿੱਚ ਢੇਰ ਸਾਰੀ ਤਬਦੀਲੀ ਆ ਗਈ ਹੈ। ਇਹਨਾਂ ਵਿੱਚੋਂ ਕਈ ਰਸਮਾਂ ਤਾਂ ਪੇਂਡੂ ਮੰਚ ਉੱਤੋਂ ਅਲੋਪ ਹੀ ਹੋ ਗਈਆਂ ਹਨ। ਇਹ ਰਸਮਾਂ ਪੰਜਾਬੀਆਂ ਦੇ ਜੰਮਣ-ਮਰਨ, ਵਿਆਹ-ਸ਼ਾਦੀ, ਤਿੱਥ-ਤਿਉਹਾਰ ਅਤੇ ਕੰਮਾਂ-ਧੰਦਿਆਂ ਨਾਲ ਸਬੰਧ ਰੱਖਦੀਆਂ ਹਨ।

ਜਣੇਪੇ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਪਹਿਲੇ ਜਣੇਪੇ ਸਮੇਂ ਗਰਭਵਤੀ ਨੂੰ ਤੀਜੇ ਮਹੀਨੇ ਸੁਰਮਾਂ ਪਾਉਣ ਦੀ ਰਸਮ ਕੀਤੀ ਜਾਂਦੀ। ਉਸ ਦੇ ਪੱਲੇ ਅਨਾਜ ਬੰਨ੍ਹਿਆ ਜਾਂਦਾ ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ; ਜੇਕਰ ਉਹ ਆਪਣੇ ਪੇਕੀਂ ਨਾ ਜਾਵੇ ਤਾਂ ਉਸ ਦੇ ਮਾਪੇ ਉਸ ਨੂੰ ਡੇਢ ਜਾਂ ਢਾਈ ਸੂਟ, ਕੁਝ ਰੁਪਿਆ ਸਮੇਤ ਭੇਜਦੇ।

ਪੁਰਾਣੇ ਸਮਿਆਂ ਵਿੱਚ ਜਣੇਪਾ ਘਰ ਦੀ ਹਨੇਰੀ ਕੋਠੜੀ ਵਿੱਚ ਹੋਇਆ ਕਰਦਾ ਸੀ। ਪੰਜਵੇਂ ਜਾਂ ਨੌਵੇਂ ਦਿਨ ਬੱਚੇ ਦੀ ਮਾਂ ਨੂੰ ਬਾਹਰ ਵਧਾਉਣ ਦੀ ਰਸਮ ਅਦਾ ਕੀਤੀ ਜਾਂਦੀ ਸੀ। ਜੇਕਰ ਮੁੰਡਾ ਜੰਮਿਆ ਹੋਵੇ ਤਾਂ ਇਸ ਦਿਨ ਖੂਬ ਖ਼ੁਸ਼ੀਆਂ ਮਨਾਈਆਂ ਜਾਂਦੀਆਂ। ਇਸ ਦਿਨ ਚੌਲਾਂ ਦੀਆਂ ਪਿੰਨੀਆਂ ਅਤੇ ਛੋਲਿਆਂ ਦੀਆਂ ਬੱਕਲੀਆਂ ਸਾਰੇ ਸ਼ਰੀਕੇ ਵਿੱਚ ਵੰਡੀਆਂ ਜਾਂਦੀਆਂ। ਤਰਖਾਣ ਗੁੱਲੀ ਡੰਡਾ, ਲੁਹਾਰ ਲੋਹੇ ਦੇ ਕੜੇ, ਰਵਿਦਾਸੀਆ ਮੌਜੇ, ਆਦਿਧਰਮੀ ਤੀਰ ਕਮਾਣ ਮੁੰਡੇ ਨੂੰ ਸੁਗਾਤ ਵਜੋਂ ਦੇਂਦੇ। ਸੁਨਿਆਰ ਚਾਂਦੀ ਦੇ ਪੰਜ ਘੁੰਗਰੂ ਲਿਆਉਂਦਾ ਜਿਨ੍ਹਾਂ ਨੂੰ ਦਾਈ ਧਾਗੇ ਵਿੱਚ ਪਰੋ ਕੇ ਮੁੰਡੇ ਦੇ ਤੜਾਗੀ ਬੰਨ੍ਹਦੀ। ਝਿਊਰ ਅੰਬਾਂ ਅਤੇ ਸ਼ਰੀਂਹ ਦੇ ਪੱਤਿਆਂ ਦਾ ਹਾਰ ਗੁੰਦ ਕੇ ਜਣੇਪੇ ਵਾਲੇ ਘਰ ਦੇ ਮੁੱਖ ਦੁਆਰ 'ਤੇ ਟੰਗ ਦੇਂਦਾ।

ਤੇਰਵੇਂ ਦਿਨ ਚੌਂਕੇ ਚੜ੍ਹਾਉਣ ਦੀ ਰਸਮ ਹੁੰਦੀ ਹੈ। ਇਸ ਦਿਨ ਬ੍ਰਾਹਮਣੀ ਚੌਕੇ ਨੂੰ ਗਊ ਦੇ ਗੋਹੇ ਨਾਲ਼ ਲਿਪ ਪੋਚ ਕੇ ਰੋਟੀ ਤਿਆਰ ਕਰਦੀ ਅਤੇ ਜੱਚਾ ਨੂੰ ਚੌਕੇ ਚਾੜ੍ਹਦੀ ਸੀ।

144/ਪੰਜਾਬੀ ਸਭਿਆਚਾਰ ਦੀ ਆਰਸੀ