ਪੰਜਾਬੀ ਬੁਝਾਰਤਾਂ
ਬੁਝਾਰਤਾਂ ਸਾਡੇ ਲੋਕ ਜੀਵਨ ਦਾ ਵਿਸ਼ੇਸ਼ ਤੇ ਅਨਿਖੜਵਾਂ ਅੰਗ ਰਹੀਆਂ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰਾ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਨ੍ਹਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਉਥੇ ਸਾਡੇ ਵਸਤੂ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ।
ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲੱਬਧ ਹਨ। ਬੁਝਾਰਤਾਂ ਨੂੰ ਅੰਗਰੇਜ਼ੀ ਤੇ ਲਾਤੀਨੀ ਵਿੱਚ ਰਿਡਲ (Riddle) ਯੂਨਾਨੀ ਵਿੱਚ ਐਨੀਗਮਾ (Anigma) ਫਾਰਸੀ ਵਿੱਚ ਚੀਸਤਾਂ ਅਤੇ ਸੰਸਕ੍ਰਿਤ ਵਿੱਚ ਪਹੇਲਕਾ ਆਖਦੇ ਹਨ। ਪਹੇਲੀ, ਮੁਦਾਵਣੀ, ਬੁਝੋਵਲ, ਬੁਝੱਕਾ, ਬੁਝਾਣੀ, ਬਤੌਲੀ ਤੇ ਬਾਤਾਂ ਆਦਿ ਬੁਝਾਰਤਾਂ ਦੇ ਹੋਰ ਨਾਂ ਪ੍ਰਚੱਲਤ ਹਨ।
ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉੱਨੀ ਹੀ ਪੁਰਾਤਨ ਹੈ ਜਿੰਨਾਂ ਕਿ ਮਨੁੱਖ ਆਪ ਹੈ। ਇੰਜ ਜਾਪਦਾ ਹੈ ਮਨੁੱਖ ਦੇ ਜਨਮ ਦੇ ਨਾਲ ਹੀ ਇਨ੍ਹਾਂ ਦਾ ਜਨਮ ਹੋਇਆ ਹੋਵੇਗਾ। ਜਦੋਂ ਮਨੁੱਖ ਮਾਤਰ ਨੇ ਹੋਸ਼ ਸੰਭਾਲੀ ਹੋਵੇਗੀ ਤਾਂ ਉਸ ਨੇ ਆਪਣੀਆਂ ਦੋ ਪ੍ਰਮੁੱਖ ਮਨੋਵਿਰਤੀਆਂ ਰਾਗ ਅਤੇ ਕੌਤਕ ਪ੍ਰਿਯਤਾ ਦੇ ਅਧੀਨ ਇਹਨਾਂ ਨੂੰ ਵੀ ਸਿਰਜਿਆ ਹੋਵੇਗਾ ਤੇ ਫਿਰ ਇਹ ਧਾਰਾ ਫੁਟ ਤੁਰੀ ਹੋਵੇਗੀ।
ਬੁਝਾਰਤਾਂ ਕੀਹਨੇ ਬਣਾਈਆਂ ਅਤੇ ਕਦੋਂ ਬਣਾਈਆਂ? ਇਹ ਦੱਸਣਾ ਬੜਾ ਔਖਾ ਹੈ। ਇਹ ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਸਾਡੇ ਪਾਸ ਪੀੜ੍ਹੀਓ ਪੀੜ੍ਹੀ ਪੁੱਜੀਆਂ ਹਨ। ਇਹਨਾਂ ਦੇ ਰਚਣਹਾਰਿਆਂ ਦੇ ਨਾਵਾਂ ਦਾ ਕਿਸੇ ਨੂੰ ਵੀ ਪਤਾ ਨਹੀਂ। ਜਿੱਥੋਂ ਤੱਕ ਲਿਖਤੀ ਸਾਹਿਤ ਵਿੱਚ ਬੁਝਾਰਤਾਂ ਪਾਣ ਦੀ ਪਰੰਪਰਾ ਦਾ ਸਵਾਲ ਹੈ, ਵੈਦਿਕ ਸਾਹਿਤ ਵਿੱਚ ਇਹ ਪਰੰਪਰਾ ਵਿਖਾਈ ਦੇਂਦੀ ਹੈ। ਰਿਗਵੇਦ ਵਿੱਚ ਆਤਮਾ ਪਰਮਾਤਮਾ ਦੇ ਸਰੂਪ ਸਬੰਧੀ ਵਿਸ਼ਲੇਸ਼ਣ ਕਰਨ ਵਾਲੇ ਕਈ ਰੂਪਆਤਮਕ ਢੰਗ ਨਾਲ ਆਏ ਮੰਤਰ ਬੁਝਾਰਤਾਂ ਨਾਲੋਂ ਘੱਟ ਕੌਤਕ-ਪੂਰਨ ਨਹੀਂ। ਸ੍ਰੀ ਰਾਮ ਨਰੋਸ਼ ਤ੍ਰਿਪਾਠੀ ਨੇ ਤਾਂ 'ਗ੍ਰਾਮ ਸਾਹਿਤ' ਵਿੱਚ ਏਥੋਂ ਤੱਕ ਕਿਹਾ ਹੈ ਕਿ 'ਰਿਗਵੇਦ' ਨੂੰ ਬੁਝਾਰਤਾਂ ਦਾ ਵੇਦ ਕਿਹਾ ਜਾਵੇ ਤਾਂ ਗਲਤ ਨਹੀਂ।[1]
ਪੰਜਾਬੀ ਦੇ ਲਿਖਤੀ ਸਾਹਿਤ ਵਿੱਚ ਬੁਝਾਰਤਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ। ਇੱਕ ਬੁਝਾਰਤ-ਮੁਦਾਵਣੀ (ਪੋਠੋਹਾਰੀ ਵੱਲ ਬੁਝਾਰਤ ਨੂੰ ਮੁਦਾਵਣੀ ਆਖਦੇ ਹਨ) ਸੋਰਠਿ ਵਾਰ ਵਿੱਚ ਗੁਰੂ ਅਮਰਦਾਸ ਜੀ ਨੇ ਲਿਖੀ ਹੈ:
- ↑ *“ਲੋਕ ਬੁਝਾਰਤਾਂ” ਪੰਨਾ 13-14 (1956), ਲਾਹੌਰ ਬੁੱਕ ਸ਼ਾਪ ਲੁਧਿਆਣਾ।
11/ਪੰਜਾਬੀ ਸਭਿਆਚਾਰ ਦੀ ਆਰਸੀ