ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੱਟ ਖੁਦਗਰਜ਼ ਹੁੰਦਾ ਹੈ, ਜੇਕਰ ਉਸ ਨੂੰ ਗਰਜ਼ ਹੋਵੇ ਤਾਂ ਐਵੇਂ ਰਿਸ਼ਤੇਦਾਰੀਆਂ ਗੰਢ ਲੈਂਦਾ ਹੈ :

ਜਾਂ ਜੱਟ ਦੀ ਪਈ ਬਿਆਈ
ਕਿਸੇ ਨੂੰ ਫੂਫੀ ਕਿਸੇ ਨੂੰ ਤਾਈ

ਜਦੋਂ ਆਪਣਾ ਕੰਮ ਕੱਢ ਲਿਆ :

ਜਾਂ ਜੱਟ ਦੇ ਸੌਂ ਪੱਕੇ
ਸਕੀ ਮਾਂ ਨੂੰ ਮਾਰੇ ਧੱਕੇ

ਦੂਜੀਆਂ ਜਾਤਾਂ ਦੇ ਲੋਕ ਆਪਣੀਆਂ ਜਾਤਾਂ ਦੇ ਟੱਬਰ ਪਾਲਦੇ ਹਨ : ਕੇਵਲ ਜੱਟ ਹਨ ਜਿਹੜੇ ਕਦੀ ਆਪਣਿਆਂ ਦਾ ਫਾਇਦਾ ਨਹੀਂ ਕਰਦੇ:

ਕੁੱਕੜ, ਕਾਂ, ਕਰਾੜ, ਕਬੀਲਾ ਪਾਲਦੇ
ਜੱਟ, ਮਹਿਆਂ, ਸੰਸਾਰ ਕਬੀਲਾ ਗਾਲਦੇ

ਜੇਕਰ ਜੱਟ ਦੀ ਆਰਥਿਕ ਹਾਲਤ ਚੰਗੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ :

ਚਿੱਟਾ ਕੱਪੜਾ ਕੁੱਕੜ ਖਾਣਾ
ਉਸ ਜੱਟ ਦਾ ਕੀ ਟਿਕਾਣਾ

ਜਦੋਂ ਜੱਟ ਆਪਸ ਵਿੱਚ ਏਕਾ ਕਰ ਲੈਣ ਤਾਂ ਕਿਸੇ ਹੋਰ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ। ਜੱਟ ਦੀਆਂ ਸੌ ਮਾਵਾਂ ਹੁੰਦੀਆ ਹਨ ਉਹ ਤਾਂ ਸੈਂਕੜੇ ਕੋਹਾਂ ਤੇ ਵੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ :

ਜੱਟ ਜੱਟਾਂ ਦੇ
ਭੋਲੂ ਨਰਾਇਣ ਦਾ

ਜਾਂ


ਜੱਟ, ਜੱਟਾਂ ਦੇ ਸਾਲੇ
ਵਿਚੈ ਕਰਦੇ ਘਾਲੇ ਮਾਲੇ

ਜੱਟ ਦਾ ਖਚਰਾਪਣ ਬੜਾ ਪ੍ਰਸਿੱਧ ਹੈ। ਜੇ ਕਰ ਜੱਟ ਮਚਲਾ ਬਣ ਜਾਵੇ ਤਾਂ ਉਹ ਕਿਸੇ ਨੂੰ ਵੀ ਆਈ ਗਈ ਨਹੀਂ ਦੇਂਦਾ :

ਜੱਟ ਹੋਇਆ ਕਮਲਾ
ਖੁਦਾ ਨੂੰ ਲੈ ਗਏ ਚੋਰ

ਜੱਟਾਂ ਬਾਰੇ ਮਾਲਵੇ ਦਾ ਪ੍ਰਸਿੱਧ ਕਵੀਸ਼ਰ ਗੁਰਦਿੱਤ ਸਿੰਘ 'ਕਾਕਾ ਪ੍ਰਤਾਪੀ' ਦੇ ਕਿੱਸੇ ਵਿੱਚ ਲਿਖਦਾ ਹੈ:

ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਓਸ ਮੇਰਾ ਨੀ ਗੰਵਾਰ ਦਾ
ਜਾਤ ਦੀ ਕਮੀਨਣੀ ਅਧੀਨਣੀ ਗ਼ਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ

150/ਪੰਜਾਬੀ ਸਭਿਆਚਾਰ ਦੀ ਆਈ