ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਰ ਹਲ ਦੀ ਖੇਤੀ ਅਨੁਸਾਰ ਹਰ ਉਪਜਾਤੀ ਲਈ ਦਾਣਿਆਂ ਦੀ ਮਾਤਰਾ ਬੰਨ੍ਹੀ ਹੋਈ ਸੀ। ਸਭ ਦਾ ਭਾਈਚਾਰਾ ਸਾਂਝਾ ਸੀ, ਦੁੱਖ ਸੁਖ ਦੀ ਸਾਂਝ ਸੀ। ਪੰਜਾਬ ਦਾ ਕਿਸਾਨ ਇਕ ਦਾਤੇ ਦੇ ਰੂਪ ਵਿੱਚ ਵਿਚਰ ਰਿਹਾ ਸੀ।

ਲੋਕ ਸਾਹਿਤ ਕਿਸੇ ਖਿੱਤੇ 'ਚ ਵਸਦੇ ਲੋਕਾਂ ਦੇ ਜੀਵਨ ਦਾ ਦਰਪਣ ਹੁੰਦਾ ਹੈ। ਉਹਨਾਂ ਦੇ ਸੁਭਾਅ ਅਤੇ ਕਿਰਦਾਰ ਨੂੰ ਜਾਨਣ ਲਈ ਉਸ ਖਿੱਤੇ ਦੇ ਲੋਕ ਸਾਹਿਤ ਦਾ ਅਧਿਐਨ ਜ਼ਰੂਰੀ ਹੈ।

ਪੰਜਾਬ ਦਾ ਲੋਕ ਸਾਹਿਤ ਪੰਜਾਬ ਦੀ ਸਿਰਮੌਰ ਜਾਤੀ ਜੱਟਾਂ ਅਤੇ ਪੰਜਾਬ 'ਚ ਵਸਦੀਆਂ ਹੋਰ ਉਪ ਜਾਤੀਆਂ ਬਾਰੇ ਬੜੀ ਬੇਬਾਕੀ ਨਾਲ ਉਹਨਾਂ ਦੇ ਸੁਭਾ ਅਤੇ ਕਿਰਦਾਰ ਨੂੰ ਪੇਸ਼ ਕਰਦਾ ਹੈ। ਇਹ ਲੋਕ ਅਖਾਣਾਂ, ਲੋਕ ਕਹਾਣੀਆਂ ਅਤੇ ਲੋਕ ਗੀਤਾਂ ਦੇ ਰੂਪ ਵਿੱਚ ਉਪਲਬਧ ਹੈ। ਪੰਜਾਬੀ ਲੋਕ ਸਾਹਿਤ ਵਿੱਚ ਅਨੇਕਾਂ ਲੋਕ ਅਖਾਣ ਅਤੇ ਲੋਕ ਕਹਾਣੀਆਂ ਪ੍ਰਚੱਲਤ ਹਨ ਜਿਹੜੀਆਂ ਜੱਟਾਂ ਦੇ ਕਿਰਦਾਰ ਅਤੇ ਸੁਭਾਅ ਦਾ ਵਰਨਣ ਕਰਦੀਆਂ ਹਨ। ਜਟ ਮੁੱਢੋਂ-ਸੁੱਢੋ ਭੋਲਾ ਭਾਲਾ ਅਤੇ ਸਾਦੇ ਸੁਭਾਅ ਦਾ ਮਾਲਕ ਰਿਹਾ ਹੈ। ਜਿਸ ਦੇ ਕਾਰਨ ਉਸ ਨੂੰ ਹੋਰਨਾਂ ਜਾਤਾਂ ਦੇ ਲੋਕੀ ਆਨੇ-ਬਹਾਨੇ ਕਰਕੇ ਲੁੱਟਦੇ ਰਹੇ ਹਨ:

ਜੱਟ ਕੀ ਜਾਣੇ ਲੌਂਗਾਂ ਦਾ ਭਾਅ
.........
ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ

ਕਿੰਨੀ ਸਾਦਗੀ ਹੈ ਜਟ ਦੇ ਸੁਭਾਅ ਵਿੱਚ। ਜੱਟ ਦਾ ਸੁਭਾਅ ਜਿੱਥੇ ਭੋਲਾ ਤੇ ਸਾਦਾ ਹੁੰਦਾ ਹੈ ਉਥੇ ਉਸਦੀ ਅੜਬਾਈ ਦਾ ਕੋਈ ਮੁਕਾਬਲਾ ਨਹੀਂ:

ਜੱਟ ਗੰਨਾ ਨੀ ਦਿੰਦਾ
ਗੁੜ ਦੀ ਭੇਲੀ ਦੇ ਦੇਂਦਾ ਹੈ

ਜੱਟ ਵਿਗੜਨ ਲੱਗਿਆਂ ਦੇਰ ਨਹੀਂ ਲਾਉਂਦਾ:

ਜੱਟ ਤੋਂ ਭਲਾ ਮੂਲ ਨਾ ਭਾਲ
ਜੱਟ ਵਿਗਾੜੇ ਮੁਰਸ਼ਦ ਨਾਲ਼
ਜੱਟ ਬੋਲੇ ਤਦ ਕਢੇ ਗਾਲ
ਸਿਰ ਤੋਂ ਲਾਹ ਕੇ ਮਾਰੇ ਭੌ
ਲੈਣਾ ਇਕ ਨਾ ਦੇਣੇ ਦੋ

ਜੱਟ ਦੇ ਸੁਭਾਅ ਦੀ ਇਕ ਹੋਰ ਵੱਡੀ ਘਾਟ ਹੈ ਕਿ ਉਹ ਕੀਤੇ ਨੂੰ ਬਹੁਤ ਛੇਤੀ ਭੁੱਲ ਜਾਂਦਾ ਹੈ:

ਜੱਟ ਨਾ ਜਾਣੇ ਗੁਣ ਕੋਰਾ
ਚਣਾ ਨਾ ਜਾਣੇ ਵਾਹ

ਪਰ ਜੱਟ ਦੀ ਸਾਂਝ-ਭਿਆਲੀ ਬੜੀ ਪ੍ਰਸਿੱਧ ਹੈ। ਉਹ ਦੂਜੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ:

ਜੱਟ ਜਿਹਾ ਰਾਠ ਨੀ, ਜੇ ਤਿੜੇ ਨਾ
ਟਿੰਡ ਜਿਹਾ ਭਾਂਡਾ ਨੀ, ਜੇ ਰਿੜ੍ਹ ਨਾ
ਤੂਤ ਜਿਹਾ ਕਾਠ ਨੀ, ਜੇ ਲਿਫੇ ਨਾ

149/ਪੰਜਾਬੀ ਸਭਿਆਚਾਰ ਦੀ ਆਰਸੀ