ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜ ਸੱਤ ਦਵਾਂ ਬਾਬਾ ਦਸ਼ਣਾ
ਗਲ ਦਾ ਦਵਾਂ ਵੇ ਹਾਰ

ਵੇ ਮੇਰੇ ਪਿਓਕਿਆਂ ਦਿਆ ਬਾਹਮਣਾ

ਅੰਦਰ ਵੜ ਬੀਬੀ ਨੀ ਪੁੱਛਦਾ
ਤੂੰ ਉੱਠ ਚਲ ਮੇਰੇ ਨਾਲ

ਨੀ ਮੇਰੀ ਰਾਜ ਧਿਆਣੀਏ

ਪੰਜ ਸੱਤ ਮਾਰਾਂ ਬਾਹਮਣਾਂ ਵੇ ਜੁੱਤੀਆਂ
ਬੰਨਾ ਦੇਊਂਗੀ ਟਪਾ
ਵੇ ਮੇਰੇ ਪਿਓਕਿਆ ਦਿਆਂ ਬਾਹਮਣਾ

ਅੱਜ ਕਲ੍ਹ ਨਲਕੇ ਆਮ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਝਿਊਰ ਲੋਕਾਂ ਦੇ ਘਰਾਂ ਵਿੱਚ ਸਵੇਰ ਸ਼ਾਮ ਪੀਣ ਲਈ ਪਾਣੀ ਭਰਿਆ ਕਰਦੇ ਸਨ ਤੇ ਤੀਜੇ ਪਹਿਰ ਆਮ ਕਰਕੇ ਝਿਊਰੀ ਹਰ ਪਿੰਡ ਵਿੱਚ ਦਾਣੇ ਭੁੰਨਣ ਲਈ ਭੱਠੀ ਤਪਾਉਂਦੀ ਸੀ। ਇਹ ਉਹੀ ਭੱਠੀ ਹੈ ਜਿਸ ਤੇ ਸਾਡਾ ਕਵੀ ਸ਼ਿਵ ਕੁਮਾਰ ਦਾਣਿਆਂ ਦਾ ਪਰਾਗਾ ਭੁਨਾਉਣ ਦੀ ਥਾਂ ‘ਪੀੜਾਂ ਦਾ ਪਰਾਗਾ' ਭੁਨਾਉਂਦਾ ਹੈ।

ਤੱਤੀ ਤੱਤੀ ਖਿੱਲ ਚੱਬਣ ਲਈ ਹੀ ਕੋਈ ਮਨਚਲਾ ਗੱਭਰੂ ਝਿਊਰਾਂ ਦੀ ਕੁੜੀ ਨਾਲ ਯਾਰੀ ਲਾਉਣਾ ਲੋਚਦਾ ਹੈ:

ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ ਤੱਤੀ ਖਿਲ ਚੱਬੀਏ

ਪਾਣੀ ਭਰੇਂਦੀਆਂ ਤੇ ਘੜੇ ਚੁੱਕੀ ਜਾਂਦੀਆਂ ਪੈਲਾਂ ਪਾਉਂਦੀਆਂ ਝਿਊਰਾਂ ਦੀਆਂ ਮੁਟਿਆਰਾਂ ਲੋਕ ਮਨਾਂ ਨੂੰ ਮੋਹ ਲੈਂਦੀਆਂ ਹਨ:

ਝਿਊਰਾਂ ਦੀ ਕੁੜੀ
ਘੜੇ ਦੋ ਦੋ ਚੱਕਦੀ
ਗੜਵਾ ਚੱਕਦੀ ਰੇਤ ਦਾ

ਜਿੰਦ ਜਾਵੇ ਮੁਕਲਾਵਾ ਚੇਤ ਦਾ

ਲੱਛੀ ਕੁੜੀ ਮਹਿਰਿਆਂ ਦੀ
ਘੜਾ ਚੁਕਦੀ ਨਾਗ ਵਲ ਖਾਵੇ
ਛੋਟਾ ਘੜਾ ਚੱਕ ਲੱਛੀਏ
ਤੇਰੇ ਲੱਕ ਨੂੰ ਜਰਬ ਨਾ ਆਵੇ

ਪੰਜਾਬ ਦੇ ਪੇਂਡੂ ਭਾਈਚਾਰੇ ਵਿੱਚ ‘ਨਾਈਆਂ' ਦਾ ਵਿਸ਼ੇਸ਼ ਸਥਾਨ ਹੈ। ਨਾਈ ਨੂੰ ਸਤਿਕਾਰ ਵਜੋਂ ‘ਰਾਜੇ' ਦੇ ਲਕਬ ਨਾਲ ਵੀ ਯਾਦ ਕੀਤਾ ਜਾਂਦਾ ਹੈ। ਨਾਈ ਵਿਆਹ ਸ਼ਾਦੀਆਂ ਦੇ ਅਵਸਰ 'ਤੇ ਜਿੱਥੇ ਗੱਠਾਂ ਆਦਿ ਲੈ ਕੇ ਦੁਰ ਰਿਸ਼ਤੇਦਾਰੀਆਂ ਵਿਚ ਸੁਨੇਹੇ ਪਹੁੰਚਾਉਂਦੇ ਹਨ ਉਥੇ ਉਹ ਸਮਾਜਿਕ ਰਸਮਾਂ ਸਮੇਂ ਵੀ ਕੰਮ ਕਾਰ ਵਿੱਚ ਹੱਥ ਵਟਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਉਹ ਮੁੰਡੇ ਕੁੜੀਆਂ ਦੇ ਰਿਸ਼ਤੇ ਵੀ ਕਰ ਆਉਂਦੇ ਸਨ ਤੇ ਮੁੰਡੇ ਕੁੜੀ ਵਾਲੇ ਉਹਨਾਂ ਤੋਂ

154/ਪੰਜਾਬੀ ਸਭਿਆਚਾਰ ਦੀ ਆਰਸੀ