ਢੱਕੀ ਵਿਚ ਬੋਲਦੇ ਹਮੇਸ਼ਾਂ ਮੋਰ ਜੀ।
ਲੋਪੋਂ ਜੈਸਾ ਸੋਹਣਾ ਪਿੰਡ ਨਹੀਂ ਹੋਰ ਜੀ।
ਕੋਲੋਂ ਹੈ ਰੁਪਾਲੋਂ ਜਿੱਥੇ ਪੱਟ ਪੈਣਗੇ।
ਆਸ਼ਕੀ ਦੇ ਡੰਗੇ ਨਹੀਂ ਸੁੱਖ ਲੈਣਗੇ।
ਡੇਰੇ ਵਿੱਚ ਨਿੱਤ ਘੋਟੇ ਪੈਣ ਭੰਗ ਦੇ।
ਗਿਰਦਾ ਸੁਹਾਵੇ ਯਾਰੋ ਵਾਂਗ ਝੰਗ ਦੇ।
ਲੋਪੋਂ ਦੇ ਦੱਖਣ ਵਲੇ ਬਹੁਤ ਭਾਰੀ ਢੱਕੀ ਸੀ ਜਿਸ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਸਨ। ਇਸ ਢੱਕੀ ਦੇ ਵਿਚਕਾਰ ਇਕ ਬਹੁਤ ਵੱਡੀ ਢਾਬ ਸੀ ਜਿਸ ਨੂੰ 'ਹਾਥੀ ਸਰ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਢਾਬ ਵਿੱਚੋਂ ਜੰਗਲੀ ਜਾਨਵਰ ਪਾਣੀ ਪੀਂਦੇ ਸਨ। ਮਹਿਮਾ ਸ਼ਾਹ ਇਕ ਇੱਛਿਆ ਧਾਰੀ ਸਾਧੂ ਸੀ ਜਿਹੜਾ ਇਸ ਢੱਕੀ ਵਿੱਚ ਰਹਿੰਦਾ ਸੀ। ਇਸ ਸਾਧੂ ਨੂੰ ਕਰਨੀ ਵਾਲਾ ਸਾਧ ਕਰਕੇ ਜਾਣਿਆ ਜਾਂਦਾ ਸੀ। ਕਈ ਕਰਾਮਾਤਾਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਮਹਿਮਾ ਸ਼ਾਹ ਦੇ ਬਚਨਾਂ ਨਾਲ ਮਹਾਰਾਜਾ ਨਾਭਾ ਦੇ ਘਰ ਪੁੱਤਰ ਜੰਮਿਆ ਤੇ ਮਹਾਰਾਜਾ ਨਾਭਾ ਨੇ ਮਹਿਮਾ ਸ਼ਾਹ ਦੇ ਡੇਰੇ ਦੇ ਨਾਂ ਦੋ ਸੌ ਵਿਘੇ ਜ਼ਮੀਨ ਲਗਵਾ ਦਿੱਤੀ। ਮਹਿਮਾ ਸ਼ਾਹ ਦੇ ਜੀਵਨ ਕਾਲ ਵਿੱਚ ਹੀ ਇਸ ਡੇਰੇ ਦੀ ਉਸਾਰੀ ਹੋ ਚੁੱਕੀ ਸੀ ਤੇ ਇਹ ‘ਡੇਰਾ ਮਹਿਮਾ ਸ਼ਾਹ’ ਦੇ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ।
ਸੰਤ ਮੋਹਰ ਸਿੰਘ ਮਹਿਮਾ ਸ਼ਾਹ ਇੱਥੇ ਕਿੰਨਾ ਚਿਰ ਸਮਾਧੀ ਲਾ ਕੇ ਪ੍ਰਭੂ ਦੀ ਭਗਤੀ ਕਰਦੇ ਰਹਿੰਦੇ ਸਨ। ਉਹਨਾਂ ਨੇ ਗਿਆਨ, ਵਿਰਾਗ, ਭਗਤੀ ਅਤੇ ਵਾਹਿਗੁਰੂ ਦੇ ਮਿਲਾਪ ਲਈ ਤੀਬਰ ਇੱਛਿਆ ਦੇ ਵਿਸ਼ਿਆਂ 'ਤੇ ਢੇਰ ਸਾਰੀ ਕਵਿਤਾ ਰਚੀ ਹੈ।ਉਹਨਾਂ ਦੀ ਰਚਨਾ ਇਕ ਗ੍ਰੰਥ ਦੇ ਰੂਪ ਵਿੱਚ ਸੀ ਜਿਹੜੀ ਕਿ ਅੱਜਕਲ੍ਹ ਉਪਲਬਧ ਨਹੀਂ।
ਉਹਨਾਂ ਦੀ ਰਚਨਾਂ ਦੇ ਵਿਕਲੋਤਰੇ ਸ਼ਬਦ ਉਹਨਾਂ ਦੇ ਸ਼ਰਧਾਲੂਆਂ ਨੂੰ ਅੱਜ ਵੀ ਯਾਦ ਹਨ। ਰਚਨਾ ਦੀ ਇਕ ਵੰਨਗੀ ਪੇਸ਼ ਹੈ:
ਮਤਲਬ ਦਾ ਸੰਸਾਰ
ਬੰਦਿਆ ਤੇਰਾ ਕੋਈ ਨਹੀਂ
ਸਭ ਮਤਲਬ ਦਾ ਸੰਸਾਰ
ਆਪੋ ਆਪਣੇ ਸੁਖ ਦੇ ਸਾਥੀ
ਜਿਤਨਾ ਸਭ ਪ੍ਰਵਾਰ
ਜਦ ਦੁਖ ਬਣਦਾ
ਸੰਗ ਨਾ ਕੋਈ
ਪੁੱਤਰ ਕਲੱਤਰ ਨਾਰ
ਝੂਠੇ ਮੋਹ ਜਾਲ ਨੂੰ ਫਾਥਾ
ਭੁੱਲਿਆ ਸਿਰਜਣਹਾਰ
ਸਿਰ ਪਰ ਬਾਣ ਲੈ ਡਾਢਾ
ਪਲ ਵਿੱਚ ਲਉ ਜੋ ਮਾਰ
ਸਵਾਸ ਸਵਾਸ ਹਰਿਨਾਮ ਤੂੰ ਜਪ ਲੈ
ਪਲ ਨਾ ਮਨੋ ਵਿਸਾਰ
160/ਪੰਜਾਬੀ ਸਭਿਆਚਾਰ ਦੀ ਆਰਸੀ