ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ, ਈਸ਼ਰ ਸਿੰਘ ਅਤੇ ਚੌਧਰੀ ਘਸੀਟਾ ਨੇ ਆਪਣੇ ਕਿੱਸਿਆਂ ਰਾਹੀਂ ਬਿਆਨ ਕੀਤਾ ਹੈ। ਸ਼ਾਦੀ ਰਾਮ ਲੋਪੋਂ ਦਾ ਨਿਵਾਸੀ ਸੀ ਜਿਸ ਨੇ ਸਭ ਤੋਂ ਪਹਿਲਾਂ ਪਰਤਾਪੀ ਦਾ ਕਿੱਸਾ ਜੋੜਿਆ। ਸ਼ਾਦੀ ਰਾਮ ਕਈ ਦਰਜਣ ਕਿੱਸਿਆਂ ਦਾ ਕਰਤਾ ਹੈ। ਪਰਤਾਪੀ, ਦਊਦ ਬਾਦਸ਼ਾਹ, ਸ਼ਾਹਣੀ ਕੌਲਾਂ ਆਦਿ ਉਸ ਦੇ ਪ੍ਰਸਿੱਧ ਕਿੱਸੇ ਹਨ। ਉਸ ਦੇ ਬਹੁਤ ਸਾਰੇ ਕਿੱਸੇ ਛਪਣ ਗੋਚਰੇ ਪਏ ਹਨ।

ਕਾਕਾ ਪਰਤਾਪੀ ਦੀ ਨਾਇਕਾ ਪਰਤਾਪੀ ਲੋਪੋਂ ਪਿੰਡ ਦੇ ਸੁਨਿਆਰ ਗੁਪਾਲੇ ਦੀ ਧੀ ਸੀ। ਇਸ ਪ੍ਰੀਤ ਕਥਾ ਦਾ ਮੁੱਢ ਇਸੇ ਮੇਲੇ ਤੋਂ ਬੱਝਦਾ ਹੈ। ਪਰਤਾਪੀ ਲੋੜਾਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਨੂੰ ਨਾਲ ਲੈ ਕੇ ਮੇਲਾ ਦੇਖਣ ਆਉਂਦੀ ਹੈ:

ਪਰਤਾਪੀ ਵੀ ਆਈ ਮੇਲੇ
ਕੁੜੀਆਂ ਸਾਥ ਰਲਾਕੇ
ਇਕੋ ਰੰਗ ਪੁਸ਼ਾਕਾਂ ਪਾਈਆਂ
ਹਾਰ ਸ਼ਿੰਗਾਰ ਲਗਾ ਕੇ
ਪਰੀਆਂ ਵਰਗੇ ਰੂਪ ਜਿਨ੍ਹਾਂ ਦੇ
ਮੈਂ ਕੀ ਕਹਾਂ ਸੁਣਾ ਕੇ
ਤੁਰਨ ਸੱਭੇ ਰੰਗਰੂਟਾਂ ਵਾਂਗੂੰ
ਹਿੱਕ ਨੂੰ ਤਹਾਂ ਚੜ੍ਹਾਕੇ
ਤਿੱਖੇ ਨੈਣ ਕਟਾਰਾਂ ਵਰਗੇ
ਜਾਣ ਕਲੇਜਾ ਘਾ ਕੇ
ਆਸ਼ਕ ਲੋਕਾਂ ਨੂੰ-
ਮਾਰ ਦੇਣ ਤੜਪਾ ਕੇ

ਆਸ਼ਕਾਂ ਦੀਆਂ ਹਿੱਕਾਂ ਲੂੰਹਦੀ ਇਹ ਟੋਲੀ ਮੇਲੇ ਵਿੱਚ ਆ ਵੜੀ। ਲੋਪੋਂ ਦੇ ਨਾਲ ਲੱਗਦੇ ਪਿੰਡ ਰੁਪਾਲੋਂ ਦੇ ਜ਼ੈਲਦਾਰ ਕਾਨ੍ਹ ਸਿੰਘ ਦਾ ਛੈਲ ਛਬੀਲਾ ਗੱਭਰੂ ਕਾਕਾ ਕਿਰਪਾਲ ਸਿੰਘ ਵੀ ਆਪਣੇ ਹਾਣੀਆਂ ਨਾਲ ਮੇਲੇ ਦਾ ਆਨੰਦ ਮਾਣ ਰਿਹਾ ਸੀ। ਪਰਤਾਪੀ ਦੇ ਮੱਧ ਭਰੇ ਨੈਣ ਉਸ ਨੂੰ ਘਾਇਲ ਕਰ ਗਏ। ਪਰਤਾਪੀ ਆਪ ਤੜਪ ਉੱਠੀ।ਦੋਹਾਂ ਨੇ ਦਿਲਾਂ ਦੇ ਸੌਦੇ ਕਰ ਲਏ।

ਲੋਪੋਂ ਦੇ ਗੁਜ਼ਰ ਦਲੇਲ ਦੀ ਘਰਵਾਲੀ ਭੋਲੀ ਰਾਹੀਂ ਕਾਕਾ ਪਰਤਾਪੀ ਗੁਜ਼ਰਾਂ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ। ਕਾਕੇ ਦੇ ਹਰ ਰੋਜ਼ ਲੋਪੋਂ ਆਉਣ 'ਤੇ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਕਾਕਾ ਪਰਤਾਪੀ ਦੇ ਇਸ਼ਕ ਦੀਆਂ ਗੱਲਾਂ ਮਹਿਫਲਾਂ ਦਾ ਸ਼ਿੰਗਾਰ ਬਣ ਗਈਆਂ। ਪਰਤਾਪੀ ਦੇ ਮਾਪਿਆਂ ਦੇ ਕੰਨੀਂ ਵੀ ਭਿਣਕ ਪੈ ਗਈ।ਪਰਤਾਪੀ ਖੰਨੇ ਦੇ ਲਾਗੇ ਰਾਜੇਵਾਲ ਪਿੰਡ ਵਿੱਚ ਵਿਆਹੀ ਹੋਈ ਸੀ ਪਰੰਤੂ ਉਸ ਦਾ ਅਜੇ ਮੁਕਲਾਵਾ ਨਹੀਂ ਸੀ ਤੋਰਿਆ। ਮਾਪਿਆਂ ਮੁਕਲਾਵੇ ਦਾ ਦਿਨ ਧਰ ਦਿੱਤਾ। ਰਾਜੇਵਾਲ ਤੋਂ ਰਾਮ ਰਤਨ ਗੱਡੀ ਜੋੜ ਕੇ ਮੁਕਲਾਵਾ ਲੈਣ ਆ ਗਿਆ। ਰਾਮਰਤਨ ਡੋਲਾ ਲਈਂ ਜਾ ਰਿਹਾ ਸੀ ਕਿ ਰੁਪਾਲੋਂ ਦੀ ਢੱਕੀ ਵਿੱਚ ਕਿਰਪਾਲ ਸਿੰਘ ਨੇ ਬਦਮਾਸ਼ਾਂ ਦੀ ਮਦਦ ਨਾਲ਼ ਗੱਡੀ ਡਕ ਲਈ ਤੇ ਪਰਤਾਪੀ ਨੂੰ ਰੁਪਾਲੋਂ ਲੈ ਆਇਆ: ਜ਼ੋਰ ਸਰਦਾਰੀ ਦੇ ਗੱਡੀ ਜੋੜਕੇ ਰੁਪਾਲੋਂ ਬਾੜੀ

ਰਾਮਰਤਨ ਨੇ ਖੰਨੇ ਦੇ ਥਾਣੇ ਵਿੱਚ ਜਾ ਰਿਪੋਰਟ ਕੀਤੀ। ਪੁਲਿਸ ਆਈ। ਪਰਤਾਪੀ

163/ਪੰਜਾਬੀ ਸਭਿਆਚਾਰ ਦੀ ਆਰਸੀ