ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇਸ ਦੀ ਤਫ਼ਤੀਸ਼ ਲਈ ਆਪ ਰੁਪਾਲੋਂ ਆਇਆ।ਉਹ ਕਈ ਦਿਨ ਇਥੇ ਰਿਹਾ। ਆਖ਼ਰ ਇਕ ਦਿਨ ਉਸ ਨੂੰ ਕਿਸੇ ਪਾਸੋਂ ਪਰਤਾਪੀ ਅਤੇ ਭੋਲੀ ਦੇ ਸਹੇਲਪੁਣੇ ਦਾ ਪਤਾ ਲੱਗ ਗਿਆ। ਉਹ ਨੇ ਲੋਪੋਂ ਤੋਂ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦਾ ਦਲੇਲ ਨਾਲ ਰਾਤ ਸਮੇਂ ਨਾਭੇ ਜਾਣਾ ਦੱਸ ਦਿੱਤਾ। ਅੱਗੋਂ ਦਲੇਲ ਨੇ ਵਾਅਦਾ ਮੁਆਫ਼ ਗਵਾਹ ਬਣ ਕੇ ਸਾਰਾ ਭਾਂਡਾ ਭੰਨ ਦਿੱਤਾ।ਅਤਰੀ ਅਤੇ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।ਪਰਤਾਪੀ ਦੀ ਲਾਸ਼ ਦੀ ਭਾਲ ਸ਼ੁਰੂ ਹੋਈ। ਦਲੇਲ ਦੇ ਦੱਸੇ ਪਤੇ ਤੇ ਹਾਥੀ ਵਾਲੇ ਟਿੱਬੇ ਵਿੱਚੋਂ ਪਰਤਾਪੀ ਦੇ ਹੱਡ ਲਭ ਪਏ:

ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲੇ

ਅਦਾਲਤ ਵਿੱਚ ਮੁਕੱਦਮਾ ਚੱਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। ਦਲੇਲ ਗੁਜਰ ਵਾਅਦਾ ਮੁਆਵ ਗਵਾਹ ਹੋਣ ਦੇ ਕਾਰਨ ਬਰੀ ਹੋ ਗਿਆ। ਬਜ਼ੁਰਗ ਦੱਸਦੇ ਹਨ ਕਿ ਇਸ ਮੁਕੱਦਮੇ ਦੇ ਫੈਸਲੇ ਤੋਂ ਇਕ ਮਹੀਨਾ ਬਾਅਦ ਇਕ ਬਦਲਵਾਈ ਵਾਲੇ ਦਿਨ ਦਲੇਲ ਵੱਗ ਚਾਰਦਾ ਹੋਇਆ ਜਦੋਂ ਪਰਤਾਪੀ ਦੇ ਮਰਨ ਵਾਲੀ ਥਾਂ 'ਤੇ ਪੁੱਜਾ ਤਾਂ ਅਸਮਾਨ ਵਿੱਚੋਂ ਕੜਕਦੀ ਬਿਜਲੀ ਉਸ ਉੱਤੇ ਡਿੱਗ ਪਈ ਤੋਂ ਉਹ ਉਸੇ ਥਾਂ ਖਖੜੀ-ਖਖੜੀ ਹੋ ਗਿਆ।

ਇਸ ਕਹਾਣੀ ਨੂੰ ਵਾਪਰਿਆਂ ਇਕ ਸਦੀ ਬੀਤ ਗਈ ਹੈ। ਪਰ ਨਿਰਦੋਸ਼ ਪਰਤਾਪੀ ਦਾ ਦਰਦ ਲੋਪੋਂ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ। ਜਦ ਕੋਈ ਬਜ਼ੁਰਗ ਇਸ ਕਹਾਣੀ ਨੂੰ ਛੋਂਹਦਾ ਹੈ ਤਾਂ ਉਸ ਦਾ ਗਲ਼ਾ ਭਰ-ਭਰ ਆਉਂਦਾ ਹੈ ਤੇ ਨੈਣਾਂ ਵਿੱਚ ਅੱਥਰੂ ਸਿਮ ਆਉਂਦੇ ਹਨ।

165/ਪੰਜਾਬੀ ਸਭਿਆਚਾਰ ਦੀ ਆਰਸੀ