ਭਾਰਤੀ ਸੰਸਕ੍ਰਿਤੀ ਦਾ ਪੰਘੂੜਾ-ਸੰਘੋਲ
ਚੰਡੀਗੜ੍ਹ ਤੋਂ ਆਉਂਦਿਆਂ ਸਮਰਾਲਾ-ਲੁਧਿਆਣਾ ਸੜਕ ਉੱਤੇ ਕੋਈ 40 ਕਿਲੋਮੀਟਰ ਦੇ ਫਾਸਲੇ 'ਤੇ ਸੜਕੋਂ ਹਟਵਾਂ ਥੇਹ ਤੇ ਵਸਿਆ ਇਕ ਪਿੰਡ ਤੁਹਾਡੇ ਨਜ਼ਰੀਂ ਪੈਂਦਾ ਹੈ। ਇਹ ਹੈ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਪਿੰਡ ਉੱਚਾ ਪਿੰਡ ਸੰਘੋਲ। ਇਸ ਪਿੰਡ ਦੇ ਚਰਚੇ ਅੱਜਕਲ੍ਹ ਆਮ ਹਨ। ਇਥੇ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਵਿੱਚ ਵੀ। 1968 ਵਿੱਚ ਪੁਰਾਤਤਵ ਵਿਭਾਗ, ਪੰਜਾਬ ਵੱਲੋਂ ਇਸ ਪਿੰਡ ਦੇ ਥੇਹ ਦੀ ਖੁਦਾਈ ਅਰੰਭੀ ਗਈ ਸੀ। ਜਿਨ੍ਹਾਂ ਲੋਕਾਂ ਦੀ ਦਿਲਚਸਪੀ ਪੁਰਾਤਨ ਇਤਿਹਾਸ ਅਤੇ ਸਭਿਆਚਾਰਕ ਵਿਰਸੇ ਨਾਲ ਜੁੜੀ ਹੋਈ ਹੈ ਉਹ ਇਸ ਸਥਾਨ ਤੋਂ ਖੁਦਾਈ ਦੌਰਾਨ ਮਿਲੀਆਂ ਵਸਤੂਆਂ, ਬਰਤਨਾਂ, ਮੋਹਰਾਂ, ਸਿੱਕਿਆਂ, ਖਿਡੌਣਿਆਂ, ਗਹਿਣਿਆਂ ਅਤੇ ਮੂਰਤੀਆਂ ਆਦਿ ਨੂੰ ਬਹੁਤ ਮਹੱਤਵ ਦੇਂਦੇ ਹਨ। ਭਾਰਤੀ ਸਭਿਅਤਾ ਦੇ ਇਤਿਹਾਸ ਨੂੰ ਇਹ ਪਿੰਡ ਆਪਣੀ ਬੁੱਕਲ ਵਿੱਚ ਲਕੋਈ ਬੈਠਾ ਹੈ। ਕਈ ਹੋਣੀਆਂ ਇਸ ਪਿੰਡ ਨੇ ਹੰਢਾਈਆਂ ਹਨ। ਇਸ ਥੇਹ ਦਾ ਕਣ-ਕਣ ਸੈਆਂ ਕਹਾਣੀਆਂ ਬਿਆਨ ਕਰਦਾ ਹੈ।
ਗੱਲ ਬੜੀ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਕੋਈ ਸਾਢੇ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਜਾ ਪੁੱਜਦੀਆਂ ਹਨ। ਸੰਘੋਲ ਇਕ ਘੁਗ ਵਸਦਾ ਸ਼ਹਿਰ ਸੀ, ਦਰਿਆ ਸਤਲੁਜ ਇਸ ਦੇ ਪੂਰਬ ਵੱਲ ਨਾਲ ਖਹਿ ਕੇ ਵਗਦਾ ਸੀ। ਇਕ ਬੰਦਰਗਾਹ ਦੇ ਰੂਪ ਵਿੱਚ ਇਸ ਦੀ ਪ੍ਰਸਿੱਧੀ ਸੀ। ਇਹ ਵਪਾਰ ਅਤੇ ਵਿਦਿਆ ਦਾ ਕੇਂਦਰ ਹੋਣ ਦੇ ਨਾਤੇ ਜਾਣਿਆਂ ਜਾਂਦਾ ਸੀ। ਸੰਘੋਲ ਦੀ ਖੁਦਾਈ ਸਮੇਂ ਥੇਹ ਤੋਂ ਉੱਤਰ-ਪੂਰਬ ਵੱਲ 500 ਮੀਟਰ ਦੇ ਫ਼ਾਸਲੇ 'ਤੇ ਹਾਥੀਵਾੜਾ ਨਾਂ ਦੇ ਸਥਾਨ ਤੋਂ ਮਿਲੇ ਬੋਧੀ ਸਤੂਪ ਅਤੇ ਬੋਧੀ ਮਠ ਨੇ ਇਸ ਪਿੰਡ ਦੇ ਇਤਿਹਾਸਕ ਮਹੱਤਵ ਨੂੰ ਹੋਰ ਵਧਾ ਦਿੱਤਾ ਹੈ। ਇਸ ਮਠ ਤੋਂ ਬਹੁਤ ਸਾਰੀਆਂ ਕੀਮਤੀ ਬੋਧ ਮੂਰਤੀਆਂ ਅਤੇ ਪੁਰਾਤਤਵ ਮਹੱਤਵ ਦੀਆਂ ਵਸਤਾਂ ਮਿਲੀਆਂ ਹਨ। ਉਸ ਸਮੇਂ ਇਸ ਇਲਾਕੇ ਵਿੱਚ ਬੋਧ ਮਤ ਦਾ ਬੋਲ ਬਾਲਾ ਸੀ। ਇਹ ਸਤੂਪ ਬੋਧੀਆਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਸੀ। ਇਥੇ ਕੁਸਾਨ ਵੰਸ਼ ਦੇ ਰਾਜੇ ਰਾਜ ਕਰਦੇ ਸਨ। ਪੁਰਾਤਤਵ ਵਿਗਿਆਨੀ ਸੰਘੋਲ ਦੇ ਇਸ ਬੋਧ ਸਤੂਪ ਦੀ ਲੱਭਤ ਨੂੰ ਬਹੁਤ ਮਹੱਤਵ ਦੇ ਰਹੇ ਹਨ। ਮਾਹਰਾਂ ਅਨੁਸਾਰ ਇਹ ਸਤੂਪ ਦੂਜੀ ਪੂਰਬ ਈਸਵੀ ਸਦੀ ਪੁਰਣਾ ਹੈ।
ਚੀਨੀ ਯਾਰਤੀ ਹਿਊਨਸਾਂਗ 629 ਅਤੇ 645 ਏ.ਡੀ. ਵਿਚਕਾਰ ਕੁੱਲੂ ਤੋਂ ਸੰਘੋਲ ਦੇ ਇਲਾਕੇ ਵਿੱਚ ਆਇਆ ਸੀ। ਉਹ ਆਪਣੇ ਸਫ਼ਰਨਾਮੇ ਵਿੱਚ ਇਸ ਇਲਾਕੇ ਦੇ ਦਰਿਆ ਤੋਂ ਆਰ-ਪਾਰ ਦੇ ਲੋਕਾਂ ਦੇ ਰਹਿਣ-ਸਹਿਣ, ਕੰਮ-ਕਾਰ ਅਤੇ ਬੋਧੀ ਸਤੂਪਾਂ ਦਾ ਜ਼ਿਕਰ ਕਰਦਾ ਹੈ। ਦਰਿਆ ਦਾ ਭਾਵ ਦਰਿਆ ਸਤਲੁਜ ਤੋਂ ਹੈ। ਉਹ ਸਿੱਧ ਸ਼ਹਿਰ, ਜਿਸ ਦਾ ਜ਼ਿਕਰ ਉਸ ਨੇ ਕੀਤਾ ਹੈ, ਉਹ ਸੰਘੋਲ ਹੀ ਸੰਭਵ ਹੋ ਸਕਦਾ ਹੈ, ਜਿਸ ਦਾ ਸਬੂਤ ਬੋਧੀ ਸਤੂਪ ਦਾ ਏਥੋਂ ਮਿਲਣਾ ਹੈ।
166/ਪੰਜਾਬੀ ਸਭਿਆਚਾਰ ਦੀ ਆਰਸੀ