ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਪਤ ਵੰਸ਼ ਦੇ ਰਾਜ 320 ਈਸਵੀ ਸਮੇਂ ਸੰਘੋਲ ਉਸ ਸਮੇਂ ਦੇ ਗਵਰਨਰ ਜਾਂ ਰਾਜਾ ਦਾ ਪ੍ਰਸ਼ਾਸਨਕ ਸਥਾਨ ਰਿਹਾ ਹੋਵੇਗਾ। ਖ਼ੁਦਾਈ ਦੌਰਾਨ ਇੱਥੋਂ ਬਹੁਤ ਸਾਰੀਆਂ ਮੋਹਰਾਂ ਮਿਲੀਆਂ ਹਨ, ਜਿਨ੍ਹਾਂ ਉੱਤੇ ਵਿਸ਼ਨੂੰ ਅਤੇ ਸ਼ਿਵ ਦੇ ਧਾਰਮਿਕ ਮੋਟਿਫ ਹਨ। ਇਸ ਤੋਂ ਉਪਰੰਤ ਸਮੁੰਦਰ ਗੁਪਤ ਦੇ ਸੋਨੇ ਦੇ ਸਿੱਕੇ, ਵੀ ਮਿਲੇ ਹਨ। ਇਹ ਸ਼ਹਿਰ ਹੁਨਾਂ ਵੱਲੋਂ ਕੀਤੇ ਗਏ ਕਤਲੇਆਮ ਸਮੇਂ ਤਬਾਹ ਕਰ ਦਿੱਤਾ ਗਿਆ।

ਦੂਜੀ ਵਾਰ ਸੰਘੋਲ ਮਾਹੀਗੀਰਾਂ ਨੇ ਵਸਾਇਆ। ਜ਼ਰੀ ਵਟਣੇ ਅਤੇ ਘੁਮਿਆਰ ਆਪਣੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਇੱਥੇ ਆਣ ਵਸੇ। ਜ਼ਰੀ ਦੀ ਕਢਾਈ ਅਤੇ ਪੋਟਰੀ ਦਾ ਧੰਦਾ ਉਨ੍ਹਾਂ ਦਾ ਮੁੱਖ ਧੰਦਾ ਸੀ। ਖੁਦਾਈ ਸਮੇਂ ਥੇਹ ਦੀ ਦੂਜੀ ਲੇਅਰ ਵਿੱਚੋਂ ਮਿੱਟੀ ਦੇ ਭਾਂਡੇ ਤੇ ਖਿਡੌਣੇ ਆਦਿ ਪ੍ਰਾਪਤ ਹੋਏ ਹਨ। ਕਈ ਸਦੀਆਂ ਬੀਤ ਗਈਆਂ...ਘੁਗ ਵਸਦਾ ਇਹ ਸ਼ਹਿਰ ਕਈ ਵਾਰ ਦਰਿਆ ਸਤਲੁਜ ਦੀ ਕਰੋਪੀ ਦਾ ਸ਼ਿਕਾਰ ਹੋਇਆ...ਦਰਿਆਈ ਹੜ੍ਹਾਂ ਨੇ ਇਸ ਨੂੰ ਢਹਿ ਢੇਰੀ ਕਰ ਦਿੱਤਾ। ਹੜਾਂ ਦੀ ਮਾਰ ਹੇਠ ਆਏ ਲੋਕ ਆਪਣਾ ਜ਼ਰੂਰੀ ਸਮਾਨ ਚੁੱਕ ਕੇ ਇਸ ਨੂੰ ਖਾਲੀ ਕਰਦੇ ਗਏ। ਸ਼ਹਿਰ ਦਬਾਹ ਹੋ ਕੇ ਥੇਹ ਦਾ ਰੂਪ ਧਾਰ ਗਿਆ ਅਤੇ ਦਰਿਆ ਸਤਲੁਜ ਆਪਣਾ ਸਹਿਨ ਬਦਲਦਾ-ਬਦਲਦਾ ਮਾਛੀਵਾੜਾ ਟਪ ਗਿਆ। ਅੱਜ ਵੀ ਦਰਿਆ ਦੇ ਮਾੜੇ ਮੋਟੇ ਨਿਸ਼ਾਨ ਸੰਘੋਲ ਦੇ ਇਲਾਕੇ ਵਿੱਚ ਨਜ਼ਰ ਆ ਜਾਂਦੇ ਹਨ।

ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਰੂਪ ਬਸੰਤ ਦੀ ਚਰਿਚਤ ਲੋਕ ਕਥਾ ਇਸੇ ਪਿੰਡ ਨਾਲ ਸੰਬੰਧ ਰੱਖਦੀ ਹੈ। ਕਹਿੰਦੇ ਹਨ ਕਿ ਪਹਿਲਾਂ ਇਸ ਪਿੰਡ ਦਾ ਨਾਂ ਸੰਗਲਾਦੀਪ ਸੀ ਤੇ ਰੂਪ ਬਸੰਤ ਦੇ ਪਿਤਾ ਖੜਗਸੈਨ ਦੀ ਰਾਜਧਾਨੀ।
ਕਿਹਾ ਜਾਂਦਾ ਹੈ ਕਿ ਅਜੋਕੇ ਪਿੰਡ ਸੰਘੋਲ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕਾਲ ਵਿੱਚ ਰਾਜਸਥਾਨ ਦੇ ਇਲਾਕੇ ਜੈਸਲਮੇਰ ਤੋਂ ਆਏ ਰਾਜਪੂਤਾਂ ਨੇ ਮੁੜ ਆਬਾਦ ਕੀਤਾ। ਇਸ ਪਿੰਡ ਦੀ ਬਹੁਤੀ ਆਬਾਦੀ ਰਾਜਪੂਤ ਜ਼ਿਮੀਂਦਾਰਾਂ ਦੀ ਹੀ ਹੈ।
ਸੰਘੋਲ ਦੇ ਇਲਾਕੇ ਵਿੱਚ ਕਹਾਵਤ ਮਸ਼ਹੂਰ ਹੈ- “ਤੈਨੂੰ ਆ ਜੇ ਸੰਘੋਲ ਆਲੀ" ਇਸ ਕਹਾਵਤ ਨਾਲ ਜੁੜੀ ਇਕ ਦੰਦ ਕਥਾ ਹੈ:

ਕਹਿੰਦੇ ਨੇ ਕਿ ਇਕ ਭੈਣ ਵਿਧਵਾ ਹੋ ਕੇ ਆਪਣੇ ਪੇਕੇ ਘਰ ਸੰਘੋਲ ਆ ਗਈ। ਉਸ ਦੇ ਮਾਂ-ਬਾਪ ਮਰ ਚੁੱਕੇ ਸਨ ਤੇ ਉਹ ਆਪਣੇ ਵਿਆਹੇ ਵਰੇ ਭਰਾ ਦੇ ਘਰ ਰਹਿਣ ਲੱਗੀ। ਉਸ ਵਿਧਵਾ ਕੋਲ ਇਕ ਮੁੰਡਾ ਸੀ।ਉਹਦੇ ਭਰਾ ਦੇ ਘਰ ਵਿੱਚ ਉਹਦੇ ਲੜਕੇ ਦੇ ਹਾਣ ਦਾ ਭਤੀਜਾ ਸੀ। ਉਸ ਦੇ ਭਰਾ ਦੀ ਵਹੁਟੀ ਅਵੈੜੇ ਸੁਭਾਅ ਦੀ ਸੀ। ਉਹ ਆਪਣੀ ਵਿਧਵਾ ਨਣਦ ਪਾਸੋਂ ਸਾਰਾ ਦਿਨ ਕੰਮ ਕਰਵਾਈ ਜਾਂਦੀ ਤੇ ਖਾਣ-ਪੀਣ ਨੂੰ ਉਹ ਨੂੰ ਤੇ ਉਹਦੇ ਮੁੰਡੇ ਨੂੰ ਬਹੁਤ ਥੋੜ੍ਹਾ ਦੇਂਦੀ।ਉਹਨਾਂ ਦਿਨਾਂ ਵਿੱਚ ਆਟਾ ਹੱਥ ਚੱਕੀਆਂ ਨਾਲ ਹੀ ਪੀਸਿਆ ਜਾਂਦਾ ਸੀ।ਵਿਚਾਰੀ ਸਾਰਾ ਦਿਨ ਆਟਾ ਪੀਸਦੀ ਰਹਿੰਦੀ ਤੇ ਘਰ ਦਾ ਕੰਮ ਕਾਰ ਵੀ ਉਸ ਦੇ ਜ਼ਿੰਮੇ ਸੀ।

ਇਕ ਦਿਨ ਉਹਦੇ ਭਤੀਜੇ ਨੇ ਉਸ ਦੇ ਮੁੰਡੇ ਪਾਸੋਂ ਪੁੱਛਿਆ,"ਮੈਂ ਐਨੀ ਖ਼ੁਰਾਕ ਖਾਂਦਾ ਹਾਂ ਮੈਨੂੰ ਭੋਰਾ ਵੀ ਨਹੀਂ ਲੱਗਦੀ, ਤੂੰ ਕੀ ਖਾ ਕੇ ਐਨਾ ਤਕੜਾ ਹੋਈ ਜਾਨੈਂ।"
“ਮੇਰੀ ਮਾਂ ਮੈਨੂੰ ਉਹ ਆਟਾ ਪਾਣੀ ਵਿੱਚ ਘੋਲ ਕੇ ਪਲਾਂਦੀ ਹੈ, ਜਿਹੜਾ ਆਟਾ ਪੀਸਦਿਆਂ ਉਹਦੇ ਸਰੀਰ ਤੇ ਕੱਪੜਿਆਂ ਨਾਲ ਲੱਗ ਜਾਂਦਾ ਹੈ।"
ਉਹਦੇ ਭਤੀਜੇ ਨੇ ਇਹ ਗੱਲ ਆਪਣੀ ਮਾਂ ਨੂੰ ਜਾ ਦੱਸੀ। ਉਹ ਸੁਣਦਿਆਂ ਹੀ ਗੁੱਸੇ ਨਾਲ ਭਰ ਗਈ। ਉਹਦੀ ਨਣਦ ਜਦੋਂ ਪੀਹ ਕੇ ਹਟਦੀ ਤਾਂ ਉਹ ਉਹਦੇ ਕੱਪੜਿਆਂ ਨਾਲ

167/ਪੰਜਾਬੀ ਸਭਿਆਚਾਰ ਦੀ ਆਰਸੀ