ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗਿਆ ਆਟਾ ਉਥੇ ਹੀ ਝੜਵਾ ਦਿੰਦੀ। ਗੱਲ ਕੀ ਉਹ ਉਹਨੂੰ ਨਹੁੰ-ਨਹੁੰ ਤੰਗ ਕਰਦੀ ਰਹੀ। ਆਖ਼ਰ ਉਹ ਐਨਾ ਸਤ ਗਈ ਕਿ ਆਪਣੇ ਮੁੰਡੇ ਨੂੰ ਮੋਢੇ ਲਾ ਕੇ ਅਤੇ ਆਪਣੇ ਭਤੀਜੇ ਦੀ ਉਂਗਲੀ ਫੜ ਕੇ ਸਮੁੱਚੇ ਪਿੰਡ ਨੂੰ ਇਹ ਸਰਾਪ ਦੇ ਕੇ ਤੁਰ ਪਈ, “ਹੇ ਨਰਦਈ ਧਰਤੀਏ ਤੂੰ ਨਿਘਰ ਜਾਵੇਂ।” ਕਹਿੰਦੇ ਹਨ, ਉਸ ਸਤੀ ਹੋਈ ਇਸਤਰੀ ਦੀ ਅਵਾਜ਼ ਧਰਤੀ ਨੇ ਸੁਣ ਲਈ-ਉਹ ਘਰੋਂ ਤੁਰ ਪਈ, ਪਿੱਛੇ-ਪਿੱਛੇ ਪਿੰਡ ਧਰਤੀ ’ਚ ਨਿਘਰਦਾ ਗਿਆ। ਪਿੰਡ ਤਿੰਨ ਹਿੱਸੇ ਨਿਘਰ ਗਿਆ ਤਦ ਤੋਲਿਆਂ ਤੇ ਵਡਾਰੂਆਂ ਨੇ ਆ ਕੇ ਉਸ ਵਿਧਵਾ ਕੁੜੀ ਦੀ ਬਾਂਹ ਫੜ ਲਈ ਤੇ ਆਖਿਆ, “ਧੀਏ ਤੂੰ ਸਾਡੇ ਘਰ ਰਹਿ ਤੈਨੂੰ ਅਸੀਂ ਅਜਾ ਨਹੀਂ ਲੱਗਣ ਦਿਆਂਗੇ।”
ਕਹਿੰਦੇ ਹਨ ਉਸੇ ਚੌਥੇ ਹਿੱਸੇ ਦੇ ਬਚੇ ਭਾਗ ’ਤੇ ਅਜੋਕਾ ਪਿੰਡ ਵਸਿਆ ਹੋਇਆ ਹੈ। ਹੁਣ ਇਹ ਪਿੰਡ 24 ਮੀਟਰ ਉੱਚੇ ਥੇਹ ’ਤੇ ਉਸਾਰਿਆ ਗਿਆ ਹੈ। ਇਸ ਦੰਦ ਕਥਾ 'ਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਂਝ ਇਹ ਕਹਾਣੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਆਮ ਪ੍ਰਚੱਲਤ ਹੈ।
ਅਜੋਕੇ ਸੰਘੋਲ ਨੇ ਕਈ ਰਾਜਸੀ ਪੜਾਅ ਦੇਖੇ ਹਨ। ਮੁਗ਼ਲ ਅਹਿਦ ਸਮੇਂ ਇਹ ਪਿੰਡ ਪੰਚਕੁਲੇ ਦੇ ਗਵਰਨਰ ਅਧੀਨ ਸੀ ਤੇ ਸਿੱਖ ਮਿਸਲਾਂ ਸਮੇਂ ਰੋਪੜ ਅਧੀਨ। ਫਿਰ ਮਹਾਰਾਜਾ ਅਮਰ ਸਿੰਘ ਦੇ ਕਾਲ ਵਿੱਚ ਰਿਆਸਤ ਪਟਿਆਲਾ ਵਿੱਚ ਚਲਾ ਗਿਆ। ਦੇਸ਼ ਆਜ਼ਾਦ ਹੋਣ ਪਿੱਛੋਂ ਰਿਆਸਤਾਂ ਦਾ ਮਿਲਣ ਹੋਇਆ ਤਾਂ 25 ਜਨਵਰੀ 1950 ਤੋਂ ਇਹ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਅਧੀਨ ਕਰ ਦਿੱਤਾ ਗਿਆ। ਅੱਜਕਲ੍ਹ ਇਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਹੈ।
ਭਾਈ ਕਾਨ੍ਹ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇਥੇ ਆਉਣ ਦਾ ਜ਼ਿਕਰ ਕਰਦੇ ਹਨ। ਮਹਾਨ ਕੋਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਕੁਰਕਸ਼ੇਤਰ ਨੂੰ ਜਾਂਦੇ ਹੋਏ ਇੱਥੇ ਠਹਿਰੇ ਸਨ। ਉਹਨਾਂ ਦੀ ਯਾਦ ਵਿੱਚ ਹੁਣ ਰਾਣਵਾਂ ਵਿਖੇ ਗੁਰਦੁਆਰਾ ‘ਗੋਬਿੰਦਗੜ੍ਹ ਸਾਹਿਬ’ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੀ ਉਸਾਰੀ ਰਿਆਸਤ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ। ਗੁਰਦੁਆਰੇ ਦੇ ਨਾਂ 300 ਵਿਘੇ ਜ਼ਮੀਨ ਵੀ ਹੈ।*[1]
ਅੱਜਕਲ੍ਹ ਦਾ ਉੱਚਾ ਪਿੰਡ ਸੰਘੋਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਇਕ ਉੱਨਤ ਪਿੰਡ ਹੈ। ਇਹ ਪਿੰਡ ਪੱਕੀਆਂ ਸੜਕਾਂ ਦੁਆਰਾ ਰੋਪੜ, ਬਸੀ ਪਠਾਣਾਂ, ਸਰਹੰਦ, ਪਟਿਆਲਾ ਅਤੇ ਖੰਨਾ ਨਾਲ ਜੁੜਿਆ ਹੋਇਆ ਹੈ। ਇਹਨਾਂ ਸਾਰੇ ਸ਼ਹਿਰਾਂ ਲਈ ਇਥੋਂ ਬਸ ਸੇਵਾ ਉਪਲਬਧ ਹੈ। ਕੋਈ ਪੰਜ-ਛੇ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਕਈ ਸਕੂਲ ਹਨ। 1927 ਤੋਂ ਇਸ ਪਿੰਡ ਵਿੱਚ ਮਿਡਲ ਸਕੂਲ ਖੁੱਲ੍ਹਿਆ ਹੋਇਆ ਹੈ। ਤਕਰੀਬਨ ਪਿੰਡ ਦੇ ਸਾਰੇ ਨਿਵਾਸੀ ਪੜ੍ਹੇ-ਲਿਖੇ ਹਨ।
ਇਥੋਂ ਹਰ ਰੋਜ਼ ਅਨੇਕਾਂ ਪੁਰਸ਼-ਇਸਤਰੀਆਂ ਕਰਮਚਾਰੀ, ਚੰਡੀਗੜ੍ਹ ਤੇ ਆਸ-ਪਾਸ ਦੇ ਸ਼ਹਿਰਾਂ-ਪਿੰਡਾਂ ਵਿੱਚ ਨੌਕਰੀ ਕਰਨ ਜਾਂਦੇ ਹਨ। ਪਿੰਡ ਨਿਵਾਸੀਆਂ ਲਈ ਸਿਹਤ ਸੇਵਾਵਾਂ ਦਾ ਪ੍ਰਬੰਧ ਵੀ ਹੈ। ਇੱਥੇ ਸਰਕਾਰੀ ਹਸਪਤਾਲ ਹੈ ਤੇ ਪਸ਼ੂਆਂ ਲਈ ਸਲੋਤਰਖਾਨਾ ਬਣਿਆਂ


  1. ‘ਮਹਾਨ ਕੋਸ਼', ਤੀਜਾ ਸੰਸਕਰਣ:ਪੰਨਾ 242 ਅਤੇ 1031,

168/ਪੰਜਾਬੀ ਸਭਿਆਚਾਰ ਦੀ ਆਰਸੀ