ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਹੈ। ਕੈਮਿਸਟਾਂ ਦੀਆਂ ਦੁਕਾਨਾਂ ਅਤੇ ਟੈਲੀਫੋਨ ਦੀ ਸਹੂਲਤ ਵੀ ਪ੍ਰਾਪਤ ਹੈ।

ਪਿੰਡ ਤੋਂ ਹਟਵੀਂ ਲੁਧਿਆਣਾ-ਚੰਡੀਗੜ੍ਹ ਸੜਕ ਉੱਤੇ ਅਨਾਜ ਮੰਡੀ ਬਣੀ ਹੋਈ ਹੈ, ਜਿੱਥੇ ਹਰ ਕਿਸਮ ਦੀਆਂ ਦੁਕਾਨਾਂ ਹਨ। ਪੂਰੇ ਦਾ ਪੂਰਾ ਬਜ਼ਾਰ ਉਸਰ ਚੁੱਕਾ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇੱਥੇ ਸੌਦਾ ਖ਼ਰੀਦਣ ਲਈ ਆਉਂਦੇ ਹਨ। ਕਿਸਾਨਾਂ ਲਈ ਕੀੜੇਮਾਰ ਦਵਾਈਆਂ, ਖਾਦ ਦਾ ਡਿਪੂ, ਪੈਟਰੋਲ ਤੇ ਡੀਜ਼ਲ ਪੰਪ, ਟਰੈਕਟਰਾਂ ਤੇ ਮੋਟਰ ਸਾਈਕਲਾਂ ਆਦਿ ਦੀ ਮੁਰੰਮਤ ਦੀਆਂ ਦੁਕਾਨਾਂ ਤੋਂ ਉਪਰੰਤ ਬਿਜਲੀ ਦੇ ਸਮਾਨ, ਇੰਜਣਾਂ, ਟਰੈਕਟਰਾਂ ਆਦਿ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਹਨ। ਇਥੇ ਹਰ ਵੇਲੇ ਵਾਹਵਾ ਰੌਣਕ ਲੱਗੀ ਰਹਿੰਦੀ ਹੈ। ‘ਜ਼ਿਮੀਂਦਾਰਾ ਕੋਆਪ੍ਰੇਟਿਵ ਕਮਰਸ਼ਲ ਬੈਕਾਂ' ਦੀ ਬ੍ਰਾਂਚ ਵੀ ਖੁੱਲੀ ਹੋਈ ਹੈ, ਜਿਹੜੀ ਇਸ ਪਿੰਡ ਦੇ ਲੋਕਾਂ ਦੀਆਂ ਵਿੱਤੀ ਲੋੜਾਂ ਪੂਰਦੀ ਹੈ। ਅਨਾਜ ਮੰਡੀ ਦੇ ਲਾਗੇ ਬਣੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਐਫ.ਸੀ.ਆਈ. ਦੇ ਵੱਡੇ-ਵੱਡੇ ਗੁਦਾਮ ਸੰਘੋਲ ਪਿੰਡ ਦੀ ਸ਼ਾਨ ਨੂੰ ਵਧਾਉਂਦੇ ਹਨ।

ਪਿੰਡ ਵਿੱਚ 14 ਮੰਦਰ ਹਨ, ਇਕ ਗੁਰਦੁਆਰਾ ਤੇ 4 ਪੀਰਾਂ ਦੀਆਂ ਸਮਾਧਾਂ ਹਨ। ਭਾਦੋਂ ਦੀ ਸੱਤੇ ਨੂੰ ਬਾਬਾ ਸੀਤਲ ਦਾਸ ਦੀ ਸਮਾਧ ’ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਪਿੰਡ ਦੇ ਲੋਕ ਬੜੇ ਮਿਲਾਪੜੇ ਹਨ।ਸਾਰੇ ਧਰਮਾਂ ਦੇ ਲੋਕ ਰਲ-ਮਿਲ ਕੇ ਰਹਿੰਦੇ ਹਨ। ਬਹੁਤੀ ਆਬਾਦੀ ਰਾਜਪੂਤ ਜ਼ਿਮੀਂਦਾਰਾਂ ਦੀ ਹੈ। ਉਹ ਆਮ ਕਰਕੇ ਖੇਤੀ ਕਰਦੇ ਹਨ। ਖੱਤਰੀ ਦੁਕਾਨਦਾਰੀ ਕਰਦੇ ਹਨ। ਇਸ ਪਿੰਡ ਵਿੱਚ ਪੁਰਾਤਨ ਸਮੇਂ ਤੋਂ ਹੀ ਰਾਮ ਲੀਲ੍ਹਾ ਲੱਗਦੀ ਆਈ ਹੈ। ਦਸਾਂ-ਦਸਾਂ ਕੋਹਾਂ ਤੋਂ ਲੋਕ ਰਾਮ ਲੀਲ੍ਹਾ ਦੇਖਣ ਆਇਆ ਕਰਦੇ ਸਨ। ਅੱਜਕਲ੍ਹ ਵੀ ਰਾਮ-ਲੀਲ੍ਹਾ ਲਗਾਈ ਜਾਂਦੀ ਹੈ।‘ਰਾਮ ਲੀਲਾ ਕਲੱਬ’ ਅਤੇ ‘ਰਾਮ ਗੁਣ ਗਾਣ ਕਲੱਬ’ ਇਸ ਪਿੰਡ ਦੀਆਂ ਦੋ ਕਾਰਜਸ਼ੀਲ ਸੰਸਥਾਵਾਂ ਹਨ।

ਇਸ ਪਿੰਡ ਦੀਆਂ ਦੇਖਣ-ਯੋਗ ਥਾਵਾਂ ਹਨ-ਹੁਣੇ ਹੁਣੇ ਲਭਿਆ ਬੋਧੀ ਸਤੂਪ ਅਤੇ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ ਸਥਾਪਤ ਸੰਘੋਲ ਦੀ ਖ਼ੁਦਾਈ ਤੋਂ ਪ੍ਰਾਪਤ ਵਸਤੂਆਂ ਦਾ ਮਿਊਜ਼ੀਅਮ। ਉਹ ਦਿਨ ਦੂਰ ਨਹੀਂ ਜਦੋਂ ਇਹ ਪਿੰਡ ਦੇਸ-ਵਿਦੇਸ਼ ਦੇ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਜਾਵੇਗਾ।

169/ਪੰਜਾਬੀ ਸਭਿਆਚਾਰ ਦੀ ਆਰਸੀ