ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

? ਲੋਕ ਸਾਹਿਤ ਵੰਨਗੀਆਂ ਦੇ ਇਕੱਤਰੀਕਰਨ ਵਾਸਤੇ ਖੇਤਰੀ ਕਾਰਜ ਦਾ ਬਹੁਤ ਮਹੱਤਵ ਹੈ। ਪਿੰਡ ਦੀਆਂ ਕੁੜੀਆਂ-ਚਿੜੀਆਂ, ਮੁਟਿਆਰਾਂ ਅਤੇ ਬਜ਼ੁਰਗ ਔਰਤਾਂ-ਮਰਦਾਂ ਕੋਲ ਵੱਖ-ਵੱਖ ਖੇਤਰਾਂ ਜਾਂ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਇਹਨਾਂ ਲੋਕ-ਸਾਹਿਤ ਰੂਪਾਂ ਨੂੰ ਇਕੱਤਰ ਕਰਨ ਸਮੇਂ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਰਪੇਸ਼ ਆਈਆਂ?

ਪਿੰਡਾਂ ਦੀ ਰਹਿਤਲ ਦਾ ਮੈਨੂੰ ਅਨੁਭਵ ਹੈ। ਜਦੋਂ ਮੈਂ ਲੋਕ ਸਾਹਿਤ ਦੇ ਭਿੰਨ-ਭਿੰਨ ਰੂਪ ਇਕੱਠੇ ਕਰਨੇ ਸ਼ੁਰੂ ਕੀਤੇ ਉਦੋਂ ਤਾਂ ਟੇਪ ਰਿਕਾਰਡਰ ਵੀ ਨਹੀਂ ਸਨ ਆਏ ਤੇ ਇਨ੍ਹਾਂ ਬਾਰੇ ਜਾਣਕਾਰੀ ਵੀ ਨਹੀਂ ਸੀ। ਮੁਟਿਆਰਾਂ ਅਤੇ ਬਜ਼ੁਰਗ ਮਾਈਆਂ ਪਾਸੋਂ ਗੀਤ ਲੈਣ ਦੀ ਮੈਨੂੰ ਕਦੀ ਕੋਈ ਦਿੱਕਤ ਨਹੀਂ ਸੀ ਆਈ। ਮੈਨੂੰ ਇਹ ਜਾਚ ਆ ਗਈ ਸੀ ਕਿ ਗੀਤ ਨੂੰ ਕਿਵੇਂ ਸੁਣਨਾ ਹੈ ਤੇ ਇੰਨ ਬਿੰਨ ਕਾਪੀ ’ਤੇ ਕਿਵੇਂ ਲਿਖਣਾ ਹੈ। ਜਦੋਂ ਮੈਨੂੰ ਪਤਾ ਲੱਗਣਾ ਕਿ ਫਲਾਣੇ ਪਿੰਡ ਫਲਾਣੀ ਮਾਈ ਨੂੰ ਬਹੁਤ ਸਾਰੇ ਗੀਤ ਯਾਦ ਨੇ ਤਾਂ ਮੈਂ ਉਹਦੇ ਕੋਲ ਜਾ ਕੇ ‘ਬੇਬੇ’ ‘ਬੇਬੇ' ਦੇ ਨੁਸਖੇ ਨਾਲ ਗੀਤ ਕਢਵਾ ਲੈਣੇ। ਜਦੋਂ ਕੋਈ ਮਾਈ ਜਾਂ ਮੁਟਿਆਰ ਗੀਤ ਦੇ ਬੋਲ ਬੋਲਦੀ ਤਾਂ ਆਲ਼ੇ ਦੁਆਲੇ ਦੀਆਂ ਜ਼ਨਾਨੀਆਂ ਵੀ ਗੀਤ ਸੁਣਦੀਆਂ ਹੋਈਆਂ ਸੋਧ-ਸੁਧਾਈ ਕਰ ਦੇਂਦੀਆਂ। ਮਰਦਾਂ ਪਾਸੋਂ ਤਾਂ ਦੋਹੇ ਤੇ ਬੋਲੀਆਂ 'ਕੱਠੀਆਂ ਕਰਨੀਆਂ ਸੌਖੀਆਂ ਹੀ ਸਨ। ਨਾਲੋ-ਨਾਲ ਮੈਂ ਪਿੰਡ-ਪਿੰਡ ਫਿਰ ਕੇ ਕਿੱਸੇ ਵੀ ਲੱਭ ਲੈਣੇ। 'ਆਸ਼ਟ' ਸਾਹਿਬ, ਮੈਂ ਤਾਂ ਪੇਂਡੂ ਬੰਦਾ ਹਾਂ। ਪੂਰੇ 24 ਸਾਲ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਾਇਆ ਹੈ। ਪਿੰਡ ’ਚ ਹੀ ਜੰਮਿਆਂ-ਪਲਿਆ ਹਾਂ ਇਸ ਲਈ ਕੋਈ ਔਖ ਨਹੀਂ ਆਈ।

? ਮਾਦਪੁਰੀ ਜੀ, ਬੁਝਾਰਤਾਂ ਮਨੁੱਖੀ ਬੁੱਧੀ ਜਾਂ ਚੇਤਨਾ ਨੂੰ ਪਰਖਣ ਦਾ ਮਾਪਦੰਡ ਹਨ ਪਰ ਆਧੁਨਿਕੀਕਰਨ ਦੇ ਇਸ ਯੁੱਗ ਵਿੱਚ ਜਾਂ ਇਉਂ ਕਹਿ ਲਵੋ ਕਿ ਕੁਝ ਹੱਦ ਤੱਕ ਪੱਛਮੀ ਸਭਿਅਤਾ ਦੇ ਪ੍ਰਭਾਵ ਅਤੇ ਸੰਯੁਕਤ ਪਰਿਵਾਰਾਂ ਦੇ ਟੁੱਟਣ ਕਾਰਨ, ਬੁਝਾਰਤਾਂ ਲੋਕ-ਸਿਮ੍ਰਤੀ ਵਿੱਚੋਂ ਖਤਮ ਹੁੰਦੀਆਂ ਜਾ ਰਹੀਆ ਹਨ। ਤੁਸੀਂ ਪੰਜਾਬ ਦੇ ਅਨੇਕ ਖਿੱਤਿਆਂ ਵਿੱਚ ਜਾ ਕੇ ਇਹਨਾਂ ਦੀ ਸਾਂਭ-ਸੰਭਾਲ ਦਾ ਕਾਰਜ ਕੀਤਾ ਹੈ। ਲੋਕ ਧਾਰਾ ਦੀ ਦ੍ਰਿਸ਼ਟੀ ਤੋਂ ਤੁਹਾਡੀ ਨਜ਼ਰ ਵਿਚ ਬੁਝਾਰਤਾਂ ਦਾ ਲੋਕ ਸਾਹਿਤ ਵਿੱਚ ਕੀ ਸਥਾਨ ਹੈ? ਇਸ ਦੇ ਨਾਲ ਹੀ ਆਪਣੇ ਬੁਝਾਰਤਾਂ ਸਬੰਧੀ ਕੀਤੇ ਕਾਰਜਾਂ ਉਪਰ ਵੀ ਤਫ਼ਸੀਲ ਨਾਲ ਰੋਸ਼ਨੀ ਪਾਓ।

- ਬੁਝਾਰਤਾਂ ਸਾਡੇ ਲੋਕ ਜੀਵਨ ਦਾ ਵਿਸ਼ੇਸ਼ ਅਤੇ ਅਨਿੱਖੜਵਾਂ ਅੰਗ ਰਹੀਆਂ ਹਨ। ਇਹ ਸਾਡੇ ਸੱਭਿਆਚਾਰ ਦਾ ਦਰਪਣ ਹਨ ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ, ਉਸੇ ਤਰ੍ਹਾਂ ਬੁਝਾਰਤਾਂ ਵੀ ਮਨੁੱਖੀ ਅਕਲ ਦਾ ਚਮਤਕਾਰ ਦਿਖਾਉਣ ਲਈ ਪ੍ਰਸਿੱਧ ਹਨ। ਇਹਨਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲਬਧ ਹਨ। ਇੰਝ ਜਾਪਦਾ ਹੈ ਕਿ ਮਨੁੱਖ ਦੇ ਜਨਮ ਦੇ ਨਾਲ ਹੀ ਇਹਨਾਂ ਦਾ ਜਨਮ ਹੋਇਆ। ਹੋਵੇਗਾ। ਜਦੋਂ ਮਨੁੱਖ ਮਾਤਰ ਨੇ ਹੋਸ਼ ਸੰਭਾਲੀ ਹੋਵੇਗੀ ਤਾਂ ਉਸ ਨੇ ਆਪਣੀਆਂ ਦੋ ਪ੍ਰਮੁੱਖ ਮਨੋਬਿਰਤੀਆਂ ਰਾਗ ਅਤੇ ਕੌਤਕ ਪ੍ਰਿਯਤਾ ਦੇ ਅਧੀਨ ਇਹਨਾਂ ਨੂੰ ਵੀ ਸਿਰਜਿਆ ਹੋਵੇਗਾ ਤੇ ਇਹ ਧਾਰਾ ਫੁੱਟ ਤੁਰੀ ਹੋਵੇਗੀ। ਮੇਰੀ ਪਹਿਲੀ ਪੁਸਤਕ 'ਲੋਕ ਬੁਝਾਰਤਾਂ' 1956 ਵਿੱਚ ਛਪੀ॥ਉਦੋਂ ਮੇਰੀ ਉਮਰ 21 ਵਰ੍ਹਿਆ ਦੀ ਸੀ। ਜਦੋਂ ਮੈਂ ਬੁਝਾਰਤਾਂ ਦੇ ਇਕੱਤਰੀਕਰਨ ਦੇ ਕਾਰਜ ਵਿੱਚ ਜੁਟਿਆ ਹੋਇਆ ਸੀ, ਉਦੋਂ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਬੁਝਾਰਤਾਂ ਦੇ ਪ੍ਰਾਜੈਕਟ ਉਪਰ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਸੀ ਪਰ ਪੰਜਾਬੀ

172/ਪੰਜਾਬੀ ਸਭਿਆਚਾਰ ਦੀ ਆਰਸੀ