ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਸਾਡੇ ਵੇਲਿਆਂ 'ਚ ਪੜ੍ਹਾਈ ਦਾ ਮਾਧਿਅਮ ਉਰਦੂ ਸੀ। ਪ੍ਰਾਇਮਰੀ ਸਕੂਲ 'ਚ ਪੜ੍ਹਦਿਆਂ ‘ਫੂਲ' ਨਾਂ ਦਾ ਬਾਲ-ਰਸਾਲਾ ਪੜ੍ਹਿਆ ਕਰਦਾ ਸਾਂ। ‘ਅਲਿਫ ਲੈਲਾ’ ਦੀਆਂ ਕਹਾਣੀਆਂ ਅਤੇ ‘ਸਿੰਧਬਾਦ ਜਹਾਜ਼ੀ’ ਮੈਂ ਚੌਥੀ ਤੱਕ ਪੜ ਲਈਆਂ ਸਨ। ਸੁਣਨ ਵਾਲੀਆਂ ਬਾਤਾਂ ਤਾਂ ਹਰ ਰੋਜ਼ ਹੀ ਸੁਣਦੇ ਸਾਂ। ਬੱਸ, ਇੰਝ ਹੀ ਚੇਟਕ ਲੱਗ ਗਈ। ਹਾਈ ਸਕੂਲ ਜਾ ਕੇ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆਂ ਤੇ ਗਿਆਨੀ ਧਨਵੰਤ ਸਿੰਘ ਸੀਤਲ ਦੀਆਂ ਦਿਲਚਸਪ ਬਾਲ-ਪੁਸਤਕਾਂ ਪੜ੍ਹੀਆਂ। ਜੇ.ਬੀ.ਟੀ. ਕਰਕੇ 1954 'ਚ ਮੈਂ ਪਾਇਮਰੀ ਅਧਿਆਪਕ ਲੱਗ ਗਿਆ। ਮੈਂ ਆਪਣੇ ਸਕੂਲੀ ਬੱਚਿਆਂ ਲਈ ਬਾਲ ਸਾਹਿਤ ਦੀ ਸਿਰਜਣਾ ਸ਼ੁਰੂ ਕਰ ਦਿੱਤੀ। ਲੁਧਿਆਣੇ ਤੋਂ ਲਾਹੌਰ ਬੁੱਕ ਸ਼ਾਪ ਵੱਲੋਂ ਬੱਚਿਆਂ ਵਾਸਤੇ ਬਾਲ ਦਰਬਾਰ' ਨਾਂ ਦਾ ਰਸਾਲਾ ਪ੍ਰਕਾਸ਼ਿਤ ਹੁੰਦਾ ਸੀ। ਅਜਾਇਬ ਚਿੱਤਰਕਾਰ ਇਸ ਦਾ ਸੰਪਾਦਕ ਸੀ।ਉਹਨਾਂ ਨੇ ਮੇਰੇ ਪਾਸੋਂ ਬਹੁਤ ਸਾਰੀਆਂ ਕਹਾਣੀਆਂ ਤੇ ਲੇਖ ਲਿਖਵਾਏ। ਨਵਤੇਜ ਸਿੰਘ ‘ਬਾਲ ਸੰਦੇਸ਼' ਦੇ ਸੰਪਾਦਕ ਸਨ। ਉਹਨਾਂ ਨੇ ਵੀ ਮੈਨੂੰ ਬਾਲ ਸਾਹਿਤ ਲਿਖਣ ਲਈ ਪ੍ਰੇਰਿਆ। ਫੇਰ ਚੱਲ ਸੋ ਚੱਲ ਤੇ ਇਉਂ ਮੈਂ ਬਾਲ ਸਾਹਿਤ ਦੀ ਰਚਨਾ ਨਾਲ ਜੁੜਦਾ ਗਿਆ।

? ਪੇਂਡੂ ਬਾਲਾਂ ਦੀਆਂ ਖੇਡਾਂ ਨਾਲ ਸਬੰਧਿਤ ਤੁਹਾਡੀ ਪੁਸਤਕ ‘ਪੰਜਾਬ ਦੀਆਂ ਲੋਕ-ਖੇਡਾਂ’ (1975) ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਵਿੱਚ ਤੁਸੀਂ ਦਰਜਨਾਂ ਲੋਕ-ਖੇਡਾਂ ਦਾ ਜ਼ਿਕਰ ਕੀਤਾ ਹੈ। ਅੱਜ ਦਾ ਪੰਜਾਬੀ ਬਾਲ ਪੱਛਮੀ ਸੱਭਿਆਚਾਰ ਦੀ ਗੁੰਮਰਾਹਕੁੰਨ ਅਤੇ ਤੜਕ-ਭੜਕ ਵਾਲੀ ਸੱਭਿਅਤਾ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਕਰਕੇ ਉਹ ਆਪਣੀ ਅਮੀਰ ਸਭਿਆਚਾਰਕ ਵਿਰਾਸਤ ਨਾਲੋਂ ਟੁੱਟ ਰਿਹਾ ਹੈ। ਟੈਲੀਵਿਜ਼ਨ ਉਸ ਨੂੰ ਘੰਟਿਆਂ ਬੱਧੀ ਆਪਣੇ ਸਾਹਮਣੇ ਬੈਠਾ ਕੇ ਸਰੀਰਕ ਤੌਰ 'ਤੇ ਨਕਾਰਾ ਕਰ ਰਿਹਾ ਹੈ। ਇਸ ਸਥਿਤੀ ਵਿੱਚ ਬੱਚਿਆਂ ਦੀਆਂ ਇਹਨਾਂ ਲੋਕ-ਖੇਡਾਂ ਦੇ ਅਲੋਪ ਹੋ ਜਾਣ ਦਾ ਖਤਰਾ ਤਾਂ ਨਹੀਂ ਬਣ ਗਿਆ।

- ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਅੱਜ ਦਾ ਪੰਜਾਬੀ ਬਾਲ ਆਪਣੀ ਵਿਰਾਸਤ ਨਾਲੋਂ ਟੁੱਟ ਰਿਹਾ ਹੈ। ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਕੋਈ ਸਭਿਆਚਾਰ ਮਰਦਾ ਨਹੀਂ ਗਤੀਸ਼ੀਲ ਹੈ। ਪੰਜਾਬ ਦੇ ਪੇਂਡੂ ਬੱਚੇ ਅਜੇ ਵੀ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਜਦੋਂ ਵੀ ਉਹਨਾਂ ਨੂੰ ਥੋੜਾ ਬਹੁਤ ਮੌਕਾ ਮਿਲਦਾ ਹੈ ਉਹ ਰਲ ਕੇ ਖੇਡਦੇ ਹਨ। ਸ਼ਹਿਰੀ ਬੱਚਿਆਂ ਨੂੰ ਤਾਂ ਉਹਨਾਂ ਦੇ ਮਾਪਿਆਂ ਨੇ ਹੀ ਰੋਲ ਕੇ ਰੱਖ ਦਿੱਤਾ ਹੈ। ਪੜ੍ਹਾਈ ਮਗਰ ਸੋਟੇ ਚੁੱਕੀ ਫਿਰਦੇ ਹਨ। ਸਕੂਲੋਂ ਮੁੜੇ ਨਹੀਂ? ਚੱਲ ਟਿਊਸ਼ਨ ਪੜ੍ਹਨ।ਉਹਨਾਂ ਦੇ ਬਚਪਨ ਨੂੰ ਰੋਲਣ ਵਿੱਚ ਮਾਪਿਆਂ ਦਾ ਵੱਡਾ ਹੱਥ ਹੈ। ਖੇਡਾਂ ਮੁੱਕ ਨਹੀਂ ਗਈਆਂ। ਇਸ ਸਬੰਧੀ ਮੇਰੀ ਸੱਜਰੀ ਪੁਸਤਕ ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਛਪੀ ਹੈ ਜਿਸ ਨੂੰ ਚੇਤਨਾ ਪ੍ਰਕਾਸ਼ਨ’, ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।ਇਸ ਪੁਸਤਕ ਵਿੱਚ 75 ਲੋਕ ਖੇਡਾਂ ਸਾਂਭੀਆਂ ਗਈਆਂ ਹਨ। ਟੈਲੀਵਿਜ਼ਨ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਲੋਕ ਖੇਡਾਂ ਦੀ ਵਿਰਾਸਤ ਦਾ ਬੀਅ ਨਾਸ ਨਹੀਂ ਕਰ ਸਕਦਾ।

? ਤੁਸੀਂ ਪਹਿਲਾਂ ਸਕੂਲ ਅਧਿਆਪਕ ਰਹੇ ਅਤੇ ਫਿਰ ਅਧਿਆਪਨ ਦਾ ਕਿੱਤਾ ਛੱਡ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆ ਕੇ ਪਹਿਲਾਂ ਵਿਸ਼ਾ ਮਾਹਰ ਰਹੇ ਅਤੇ ਫਿਰ ‘ਪੰਖੜੀਆਂ' ਅਤੇ ‘ਪ੍ਰਾਇਮਰੀ ਸਿੱਖਿਆ' ਬਾਲ ਰਸਾਲਿਆਂ ਦਾ ਕਾਫੀ ਲੰਮਾ ਅਰਸਾ ਸੰਪਾਦਨ ਕੀਤਾ। ਤੁਸੀਂ ਆਪਣੇ ਅਧਿਆਪਨ ਕਿੱਤੇ ਤੋਂ ਸੰਤੁਸ਼ਟ ਨਹੀਂ ਸੀ ਜਾਂ ਬਾਲ ਰਸਾਲਿਆਂ ਦੇ ਜ਼ਰੀਏ ਬਾਲਾਂ ਦੀ ਸੇਵਾ ਕਰਨ ਦਾ ਜਜ਼ਬਾ ਤੁਹਾਨੂੰ ਇਸ ਪਾਸੇ ਖਿੱਚ ਕੇ ਲੈ ਆਇਆ।

174/ਪੰਜਾਬੀ ਸਭਿਆਚਾਰ ਦੀ ਆਰਸੀ