ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਤਾਂ ਬੋਰਡ ਨੇ"ਬਾਲ ਸਾਹਿਤ ਪ੍ਰਾਜੈਕਟ" ਦਾ ਕਾਰਜ ਸੌਂਪ ਦਿੱਤਾ, ਜਿਸ ਦੌਰਾਨ ਮੈਂ ਕਈ ਕਿਤਾਬਾਂ ਤਿਆਰ ਕਰਵਾ ਕੇ ਮੁਕੰਮਲ ਕੀਤੀਆਂ ਪਰ ਲੋਕ ਸਾਹਿਤ ਦੀ ਸਾਂਭ-ਸੰਭਾਲ ਵਾਲਾ ਕਾਰਜ ਨਾਲੋ-ਨਾਲ ਜਾਰੀ ਰਿਹਾ। ਹੁਣ ਹਰ ਸਾਲ ਲੋਕ-ਸਾਹਿਤ ਦੀਆਂ ਦੋ ਜਾਂ ਤਿੰਨ ਕਿਤਾਬਾਂ ਦੇਣੀਆਂ ਹੀ ਦੇਣੀਆਂ ਹਨ। ‘ਪੰਜਾਬੀ ਬੁਝਾਰਤ ਕੋਸ਼` ਅਤੇ 'ਲੋਕ ਸਿਆਣਪਾਂ' ਕਿਤਾਬਾਂ ਵੀ 2007 ਵਿੱਚ ਛਪੀਆਂ ਹਨ। ‘ਕਿੱਕਲੀ ਕਲੀਰ ਦੀ' ਪੁਸਤਕ ਸਾਲ 2008 ਦੇ ਆਰੰਭ ਵਿੱਚ ਛਪੀ ਹੈ। ਪੰਜਾਬੀ ਦੇ ਲੰਬੇ ਗੋਣਾਂ ਨਾਲ ਸਬੰਧਿਤ ਇਕ ਹੋਰ ਕਿਤਾਬ 'ਸ਼ਾਵਾ ਨੀ ਬੰਬੀਹਾ ਬੋਲੇ' ਵੀ 2008 ਵਿੱਚ ਛਪ ਰਹੀ ਹੈ। ਇਉਂ ਇਕ ਪੁਸਤਕ ਤੋਂ ਬਾਅਦ ਦੂਜੀ ਪੁਸਤਕ ਦੀ ਤਿਆਰੀ ਵਿੱਚ ਲੱਗੇ ਰਹਿਣਾ ਮੇਰੇ ਸੁਭਾਅ ਦਾ ਹਿੱਸਾ ਬਣ ਚੁੱਕਾ ਹੈ। ਮੇਰੀਆਂ ਭਵਿੱਖਮੁਖੀ ਯੋਜਨਾਵਾਂ ਵਿੱਚ ਕਿੱਸਿਆਂ ਜਾਂ ਕਿੱਸਾਕਾਰਾਂ 'ਤੇ ਕੰਮ ਕਰਨਾ ਹੈ। ਇਸ ਸੰਦਰਭ ਵਿੱਚ ਪਹਿਲੀ ਪੁਸਤਕ ਦੀ ਰੂਪ-ਰੇਖਾ ਤਿਆਰ ਹੋ ਚੁੱਕੀ ਹੈ। ਇਹ ਪੁਸਤਕ ਕਿੱਸਾਕਾਰ ਗੁਰਦਿੱਤ ਸਿੰਘ ਦੇ ਕਿੱਸੇ ‘ਕਿੱਸਾ ਪਰਤਾਪੀ ਨਾਰ ਦਾ' ਨਾਲ ਤਾਅਲੁਕ ਰੱਖਦੀ ਹੈ। ਇਸ ਵਿੱਚ ਮੈਂ ਕਿੱਸਾਕਾਰ ਗੁਰਦਿੱਤ ਸਿੰਘ ਰਚਿਤ ਪਰਤਾਪੀ ਦਾ ਦੂਜੇ ਸਮਕਾਲੀ ਕਿੱਸਾਕਾਰਾਂ ਯਾਨੀ ਗੋਕਲ ਚੰਦ, ਸ਼ਾਦੀ ਰਾਮ, ਦਰਜ਼ੀ ਨਾਰਾਇਣ ਸਿੰਘ ਅਤੇ ਛੱਜੂ ਸਿੰਘ ਦੰਦਰਾਲੇ ਵਾਲੇ ਦੇ ਲਿਖੇ ਪਰਤਾਪੀ ਦੇ ਕਿੱਸਿਆਂ ਨਾਲ ਤੁਲਨਾਤਮਕ ਅਧਿਐਨ ਕਰਨਾ ਹੈ।

? ਤੁਹਾਡੇ ਲੋਕ-ਸਾਹਿਤ ਉਪਰ ਕੋਈ ਖੋਜ ਕਾਰਜ ਹੋਇਆ ਹੈ।

- ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਭੁਪਿੰਦਰ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਇਕ ਖੋਜਾਰਥਣ ਰਵਿੰਦਰ ਕੌਰ ਮੇਰੀ ਪੁਸਤਕ ‘ਬਾਤਾਂ ਦੇਸ ਪੰਜਾਬ ਦੀਆਂ' ਉਪਰ ਹੀ ਐਮ.ਫਿਲ ਕਰ ਰਹੀ ਹੈ। ਇਸੇ ਸੰਦਰਭ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਨਾਹਰ ਸਿੰਘ ਦੀ ਨਿਗਾਰਨੀ ਹੇਠ ਇਕ ਹੋਰ ਖੋਜਾਰਥਣ ਸੁਸ਼ੀਲ ਸਿੱਧੂ ‘ਸੁਖਦੇਵ ਮਾਦਪੁਰੀ ਦੀ ਲੋਕਧਾਰਾ ਇਕੱਤਰਨ, ਸੰਪਾਦਨ ਅਤੇ ਅਧਿਐਨ ਨੂੰ ਦੇਣ’ ਵਿਸ਼ੇ ਉਪਰ ਐਮ. ਫਿਲ ਕਰ ਰਹੀ ਹੈ। ਬਾਕੀ ਮੇਰੇ ਸਮੁੱਚੇ ਕਾਰਜ ਤੇ ਗਾਹੇ-ਬਗਾਹੇ ਲਿਖਾਰੀਆਂ ਨੇ ਖੋਜ ਪੱਤਰ ਜਾਂ ਆਰਟੀਕਲ ਲਿਖੇ ਹਨ।

? ਤੁਹਾਡੀਆਂ ਪੁਸਤਕਾਂ ਦੀ ਗਿਣਤੀ ਤਿੰਨ ਦਰਜਨ ਤੋਂ ਉਪਰ ਟੱਪ ਰਹੀ ਹੈ। ਪੁਸਤਕ ਪ੍ਰਕਾਸ਼ਨ ਦੇ ਸੰਦਰਭ ਵਿੱਚ ਤੁਹਾਨੂੰ ਪ੍ਰਕਾਸ਼ਕਾਂ ਤੋਂ ਕਿਹੋ-ਜਿਹਾ ਸਹਿਯੋਗ ਮਿਲਿਆ ਹੈ?

- ਮੈਨੂੰ ਤਸੱਲੀ ਹੈ ਕਿ ਮੈਂ ਪੈਸੇ ਦੇ ਕੇ ਕਿਤਾਬਾਂ ਨਹੀਂ ਛਪਵਾਈਆਂ, ਸਗੋਂ ਪ੍ਰਕਾਸ਼ਕਾਂ ਨੇ ਬਣਦਾ-ਸਰਦਾ ਸੇਵਾਫਲ ਦਿੱਤਾ ਹੈ। ਅੱਜ ਸਥਿਤੀ ਇਹ ਹੈ ਕਿ ਪ੍ਰਕਾਸ਼ਕ ਮੈਨੂੰ ਅਗੇਤ ਰੂਪ ਹੀ ਰਾਇਲਟੀ ਦਿੰਦੇ ਹਨ। ਸੋ ਮੇਰਾ ਮਤਲਬ ਇਹ ਹੈ ਕਿ ਤੁਸੀਂ ਇਮਾਨਦਾਰੀ, ਲਗਨ, ਮਿਹਨਤ ਅਤੇ ਸਿਰੜ ਨਾਲ ਕੰਮ ਕਰੋਗੇ ਤਾਂ ਪ੍ਰਕਾਸ਼ਕ ਤੁਹਾਡੇ ਪਿੱਛੇ-ਪਿੱਛੇ ਆਉਣਗੇ, ਤੁਹਾਨੂੰ ਪ੍ਰਕਾਸ਼ਕਾਂ ਪਿੱਛੇ ਗਿੜਗਿੜਾਉਣ ਦੀ ਜ਼ਰੂਰਤ ਨਹੀਂ।

? ਆਪਣੀਆਂ ਜ਼ਿਕਰਯੋਗ ਪੁਸਤਕਾਂ ਕਿਹੜੀਆਂ ਸਮਝਦੇ ਹੋ।

- ਵੈਸੇ ਤਾਂ ਆਪਣੀ ਹਰ ਪੁਸਤਕ ਹੀ ਲੇਖਕ ਨੂੰ ਪਿਆਰੀ ਹੁੰਦੀ ਹੈ ਪਰ ਫਿਰ ਵੀ ਦੱਸਣਾ ਚਾਹੁੰਦਾ ਹਾਂ ਕਿ ‘ਗਾਉਂਦਾ ਪੰਜਾਬ`(1959), ‘ਜ਼ਰੀ ਦਾ ਟੋਟਾ (1957), ਪੰਜਾਬ ਦੀਆਂ ਲੋਕ ਖੇਡਾਂ ( 1976), 'ਪੰਜਾਬੀ ਬੁਝਾਰਤਾਂ’ (1979), 'ਖੰਡ ਮਿਸ਼ਰੀ ਦੀਆਂ ਡਲੀਆਂ` (2003), ‘ਬਾਤਾਂ ਦੇਸ ਪੰਜਾਬ ਦੀਆਂ’ (2003), 'ਪੰਜਾਬ ਦੇ ਲੋਕ ਨਾਇਕ'

179/ਪੰਜਾਬੀ ਸਭਿਆਚਾਰ ਦੀ ਆਰਸੀ