ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੀਵਾ ਸਲਾਈ ਵੀ ਹਾਸਾ ਉਪਜਾ ਦੇਂਦੀ ਹੈ:

ਹਨੇਰ ਘੁੱਪ ਹਨੇਰ ਘੁੱਪ
ਹਨੇਰ ਘੁੱਪ ਥੰਮਿਆ
ਨੂੰਹ ਨੇ ਮਾਰੀ ਲੱਤ
ਸਹੁਰਾ ਜੰਮਿਆ

ਜੁੱਤੀ ਦਾ ਵਰਨਣ ਭਾਰਤੀ ਇਸਤਰੀ ਦੀ ਬੇਕਦਰੀ ਦੀ ਦਿਲਚੀਰਵੀਂ ਗਾਥਾ ਨੂੰ ਬਿਆਨਦਾ ਹੈ:

ਪੇਕੇ ਸੀ ਮੈਂ ਲਾਡ ਲਡਿੱਕੀ
ਸਹੁਰੀਂ ਆ ਕੇ ਪੈ ਗਈ ਫਿੱਕੀ
ਜਿਸ ਦੇ ਨਾਲ ਲਈਆਂ ਸੀ ਲਾਵਾਂ
ਉਹਦੇ ਹੁਣ ਪਸੰਦ ਨਾ ਆਵਾਂ
ਉਹਨੇ ਕੀਤਾ ਹੋਰ ਵਿਆਹ
ਮੈਨੂੰ ਦਿੱਤਾ ਮਗਰੋਂ ਲਾਹ

ਜਦੋਂ ਅਸੀਂ ਪੰਜਾਬੀ ਬੁਝਾਰਤਾਂ ਦਾ ਤੁਲਨਾਤਮਕ ਅਧਿਐਨ ਆਪਣੇ ਗੁਆਂਢੀ ਰਾਜਾਂ ਦੀਆਂ ਬੁਝਾਰਤਾਂ ਨਾਲ ਕਰਦੇ ਹਾਂ ਤਾਂ ਇੱਕ ਗੱਲ ਵਿਸ਼ੇਸ਼ ਕਰਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੇ ਵਿਚਾਰਾਂ ਅਤੇ ਵਿਚਾਰ ਢੰਗਾਂ ਵਿੱਚ ਕਾਫੀ ਸਾਂਝ ਹੈ। ਲੋਕ ਇੱਕ ਤਰ੍ਹਾਂ ਸੋਚਦੇ ਹਨ, ਵਿੱਚਰਦੇ ਹਨ ਤੇ ਬੁਝਾਰਤਾਂ ਘੜਦੇ ਹਨ। ਕਈ ਬੁਝਾਰਤਾਂ ਤਾਂ ਬਿਲਕੁਲ ਨਾਲ ਮਿਲਦੀਆਂ ਹਨ, ਫਰਕ ਹੈ ਤਾਂ ਕੇਵਲ ਉਚਾਰਨ ਦਾ।

ਪੰਜਾਬੀ:

ਇੱਕ ਸਮੁੰਦ ਮੈਂ ਦੇਖਿਆ
ਹਾਥੀ ਮਲ਼ ਮਲ਼ ਨ੍ਹਾਇ
ਘੜਾ ਡੋਬਿਆ ਨਾ ਡੁੱਬੇ
ਚਿੜੀ ਤਿਹਾਈ ਜਾਇ

(ਤ੍ਰੇਲ, ਓਸ)

ਜਾਂ

ਸੁਥਣ ਭਿੱਜੀ ਸਣ ਚੂੜੀਆਂ ਜੁੱਤੀ ਖੋਤਾ ਖਾ
ਰੁੱਖ ਭਿੱਜੇ ਸਣ ਕੁਮਲੀ ਚਿੜੀ ਤਿਹਾਈ ਜਾ

ਯੂ.ਪੀ:

ਬਰਖਾ ਬਰਸੀ ਰਾਤ ਮੇਂ
ਭੀਜੇ ਸਭ ਬਨਰਾਇ
ਘੜਾ ਨਾ ਡੂਬੇ ਲੋਟੀਆ
ਪੰਛੀ ਪਿਆਸੀ ਜਾਇ।

(ਤ੍ਰੇਲ, ਓਸ)

ਕਾਂਗੜਾ:

ਘੜਾ ਨਾ ਡੁੱਬੇ
ਸਣੇ ਓਡੀਏ
ਹਾਥੀ ਦਲ ਮਲ ਨਹਾਏ
ਪਿਪਲ ਡੁੱਬੇ ਸਣੇ ਚੂੰਡੀਏ
ਚਿੜੀਆਂ ਪਿਆਸੀ ਧਾਏ

(ਤ੍ਰੇਲ, ਓਸ)

17/ਪੰਜਾਬੀ ਸਭਿਆਚਾਰ ਦੀ ਆਰਸੀ