ਲੋਕ-ਦੋਹੇ
ਲੋਕ ਦੋਹਾ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿੱਚ ਹੋਇਆ ਹੈ। ਭਾਰਤੀ ਸਾਹਿਤ ਵਿੱਚ ਦਾਰਸ਼ਨਿਕ ਅਤੇ ਸਦਾਚਾਰਕ ਵਿਚਾਰਾਂ ਦੇ ਪ੍ਰਗਟਾਅ ਲਈ ਇਸ ਕਾਵਿ ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਕਬੀਰ, ਸ਼ੇਖ ਫਰੀਦ ਅਤੇ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਮਾਤਰਾ ਵਿੱਚ ਦੋਹਰਿਆਂ ਦੇ ਰੂਪ ਵਿੱਚ ਉਪਲਬਧ ਹੈ। ਦੋਹਾ, ਲੋਕ ਪਰੰਪਰਾ ਦਾ ਅਨਿੱਖੜਵਾਂ ਅੰਗ ਹੋਣ ਕਰਕੇ ਪੰਜਾਬ ਦੇ ਮੱਧਕਾਲੀਨ ਕਿੱਸਾ ਕਾਰਾਂ ਅਤੇ ਕਵੀਸ਼ਰਾਂ ਨੇ ਵੀ ਦੋਹਰੇ ਨੂੰ ਆਪਣੀਆਂ ਕਾਵਿ ਰਚਨਾਵਾਂ ਵਿੱਚ ਵਰਤਿਆ ਹੈ।
ਦੋਹਰਾ ਅਥਵਾ ਦੋਹਾ ਇੱਕ ਮਾਤ੍ਰਿਕ ਛੰਦ ਹੈ ਜਿਸ ਦੇ ਦੋ ਚਰਨ (ਤੁਕਾਂ) ਤੇ 24 ਮਾਤਰਾਂ ਹੁੰਦੀਆਂ ਹਨ, ਪਹਿਲਾ ਵਿਸ਼ਰਾਮ 13 ਪਰ ਦੂਜਾ 11 ਪਰ ਅੰਤ ਗੁਰੂ ਲਘੂ। ਇੱਕ-ਇੱਕ ਤੁਕ ਦੋ ਦੋ-ਦੋ ਚਰਨ ਮੰਨ ਕੇ ਪਹਿਲੇ ਅਤੇ ਤੀਜੇ ਚਰਨ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਨ ਦੀਆਂ ਗਿਆਰਾਂ-ਗਿਆਰਾਂ ਮਾਤਰਾਂ ਹੁੰਦੀਆਂ ਹਨ।*
ਦੋਹਰਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ ਕਾਵਿ ਰੂਪ ਹੈ। ਪੰਜਾਬ ਦੇ ਲੋਕ ਮਾਨਸ ਨੇ ਇਸ ਕਾਵਿ ਰੂਪ ਨੂੰ ਆਪਣੇ ਮਨੋਭਾਵਾਂ ਦੇ ਪ੍ਰਗਟਾਅ ਲਈ ਬੜੀ ਸ਼ਿੱਦਤ ਨਾਲ ਵਰਤਿਆ ਹੈ। ਲੋਕ ਦੋਹੇ ਅਤੇ ਲੋਕ ਦੋਹੜੇ ਦੇ ਰੂਪ ਵਿੱਚ ਇਹ ਪੰਜਾਬ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ। ਲੋਕ ਦੋਹਿਆਂ ਦੇ ਰਚਣਹਾਰਿਆਂ ਦੇ ਨਾਵਾਂ-ਥਾਵਾਂ ਦਾ ਵੀ ਕੋਈ ਅਤਾ-ਪਤਾ ਨਹੀਂ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਇਹ ਵੀ ਜਨ ਸਮੂਹ ਦੀ ਦੇਣ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਮਨੋਭਾਵਾਂ, ਉਦਗਾਰਾਂ, ਖੁਸ਼ੀਆਂ, ਗ਼ਮੀਆਂ, ਵਿਛੋੜੇ ਦੇ ਬੁੱਲਾਂ ਅਤੇ ਵੈਰਾਗ ਦੀਆਂ ਕੁਲਾਂ ਵਹਿ ਰਹੀਆਂ ਹਨ। ਇਹ ਮੁਹੱਬਤਾਂ ਦੇ ਗੀਤ ਹਨ, ਇਸ਼ਕ ਮਜ਼ਾਜੀ ਦੀ ਬਾਤ ਪਾਉਂਦੇ ਹਨ, ਦਾਰਸ਼ਨਿਕ ਤੇ ਸਦਾਚਾਰ ਦੀ ਗੁੜ੍ਹਤੀ ਦੇਂਦੇ ਹਨ, ਇਹਨਾਂ ਵਿੱਚ ਪੰਜਾਬ ਦੀ ਲੋਕ ਚੇਤਨਾ ਵਿਦਮਾਨ ਹੈ। ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਕ ਜ਼ਿੰਦਗੀ ਧੜਕਦੀ ਹੈ। ਇਹ ਤਾਂ ਪੰਜਾਬ ਦੇ ਸਾਦੇ ਮੁਰਾਦੇ ‘ਗੁਣੀਆਂ’ ਦੀ ਬਹੁਮੁੱਲੀ ਤੇ ਬਹੁਭਾਂਤੀ ਦੇਣ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਆਤਮਾ ਦੇ ਖੁੱਲ੍ਹੇ ਦੀਦਾਰੇ ਹੁੰਦੇ ਹਨ।
ਦੋਹਾ ਲੰਬੀ ਹੇਕ ਅਤੇ ਠਰੂ ਨਾਲ ਗਾਉਣ ਵਾਲਾ ਕਾਵਿ ਰੂਪ ਹੈ। ਇਸ ਨੂੰ ਗਾਉਣ ਦਾ ਅਤੇ ਸੁਨਣ ਦਾ ਅਨੂਠਾ ਤੇ ਅਗੰਮੀ ਸੁਆਦ ਰਿਹਾ ਹੈ। ਆਮ ਤੌਰ 'ਤੇ ਟਿਕੀ ਹੋਈ ਰਾਤ
- ਭਾਈ ਕਾਨ੍ਹ ਸਿੰਘ, 'ਮਹਾਨ ਕੋਸ਼', ਤੀਜਾ ਸੰਸਕਰਣ,ਪੰਨਾ 652
32/ਪੰਜਾਬੀ ਸਭਿਆਚਾਰ ਦੀ ਆਰਸੀ