ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਠਣੀਆਂ

ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ। ਲੋਰੀਆਂ, ਗਿੱਧੇ ਦੀਆਂ ਬੋਲੀਆਂ, ਸਾਵੇਂ ਤੇ ਤਿੰਜਣ ਦੇ ਲੰਮੇ ਗਾਉਣ, ਘੋੜੀਆਂ, ਸੁਹਾਗ, ਹੇਰੇ, ਸਿੱਠਣੀਆਂ ਤੇ ਦੋਹੇ ਆਦਿ ਪੰਜਾਬੀ ਲੋਕ ਗੀਤਾਂ ਦੇ ਭਿੰਨ ਭਿੰਨ ਰੂਪ ਹਨ।
ਹੇਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸਬੰਧ ਰੱਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ। ਮੰਗਣੇ ਅਤੇ ਵਿਆਹ ਦੇ ਅਵਸਰ ’ਤੇ ਨਾਨਕਿਆਂ-ਦਾਦਕਿਆਂ ਵੱਲੋਂ ਇਕ ਦੂਜੇ ਨੂੰ ਦਿੱਤੀਆਂ ਸਿੱਠਣੀਆਂ ਅਤੇ ਜੰਵ ਅਥਵਾ ਬਰਾਤ ਦਾ ਹੇਰਿਆਂ ਸਿੱਠਣੀਆਂ ਨਾਲ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।
ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਸਿੱਠਣੀ ਦਾ ਭਾਵ ਅਰਥ ਵਿਅੰਗ ਨਾਲ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ ਮਲਾ ਕੇ ਗੀਤ ਗਾਉਂਦੀਆਂ ਹਨ, ਉਹਨਾਂ ਦੀ ਸਿੱਠਣੀ ਸੰਗਯਾ ਹੈ।[1] ਮਨੋਰੰਜਨ ਦੇ ਮਨੋਰਥ ਨਾਲ ਸਿੱਠਣੀਆਂ ਰਾਹੀਂ ਇੱਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦ ਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ।
ਜਿਵੇਂ ਕਿ ਪਹਿਲਾਂ ਵਰਨਣ ਕੀਤਾ ਗਿਆ ਹੈ ਵਿਆਹ ਦੇ ਗੀਤਾਂ ਨੂੰ ਅਸੀਂ ਚਾਰ ਰੂਪਾਂ ਵਿੱਚ ਵੰਡਦੇ ਹਾਂ-ਘੋੜੀਆਂ, ਸੁਹਾਗ, ਸਿੱਠਣੀਆਂ ਤੇ ਹੇਰੇ। ਘੋੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਹਨ, ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਆਖਦੇ ਹਨ। ਹੋਰੇ ਅਤੇ ਸਿੱਠਣੀਆਂ ਮੁੰਡੇ-ਕੁੜੀ ਦੇ ਵਿਆਹ ਸਮੇਂ ਇਕੱਠੇ ਹੀ ਗਾਏ ਜਾਂਦੇ ਹਨ।
ਵਿਆਹ ਦਾ ਸਮਾਂ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ’ਤੇ ਪੰਜਾਬੀ ਆਪਣੇ ਖਿੜਵੇਂ ਰੌਂ ਵਿੱਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿੱਚ ਪ੍ਰਗਟ ਹੁੰਦਾ ਹੈ। ਸਿੱਠਣੀਆਂ ਰਾਹੀਂ ਔਰਤਾਂ ਆਪਣੇ ਮਨਾਂ ਦੇ ਗੁਭ ਗੁਵਾੜ ਕੱਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦਿੰਦਾ ਹੈ। ਮਰਦ ਉਸ ’ਤੇ ਸਦਾ ਜ਼ੁਲਮ ਕਰਦਾ ਆਇਆ ਹੈ। ਉਹ ਉਸ ਨੂੰ ਮਾਰਦਾ ਕੁਟਦਾ ਹੈ, ਗੰਦੀਆਂ ਤੋਂ ਗੰਦੀਆਂ ਗਾਲੀਆਂ ਕੱਢਦਾ ਹੈ। ਬੱਸ, ਸਹੁਰੇ


  1. * ਭਾਈ ਕਾਨ੍ਹ ਸਿੰਘ, ‘ਮਹਾਨ ਕੋਸ਼’ ਪੰਨਾ 195

48/ ਪੰਜਾਬੀ ਸਭਿਆਚਾਰ ਦੀ ਆਰਸੀ