ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਹੁਣ ਕਿੱਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ, ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਸਿਰਾਂ 'ਤੇ ਟਰੰਕ ਤੇ ਹੱਥਾ 'ਚ ਝੋਲੇ ਫੜੀ ਨਾਨਕਾ ਮੇਲ ਦੇ ਗਲੀ ਵਿੱਚ ਪ੍ਰਵੇਸ਼ ਕਰਨ 'ਤੇ ਗਲੀ ਦੀਆਂ ਔਰਤਾਂ ਹਾਸਿਆਂ ਨਾਲ ਉਹਨਾਂ ਦਾ ਸੁਆਗਤ ਕਰਦੀਆਂ ਹਨ। ਸਿੱਠਣੀਆਂ ਤੋ ਹੇਰਿਆਂ ਦੀ ਛਹਿਬਰ ਲੱਗ ਜਾਂਦੀ ਹੈ ਤੇ ਇਕ ਸਮਾਂ ਬੰਨ੍ਹਿਆ ਜਾਂਦਾ ਹੈ। ਵਿਆਹ ਵਾਲੇ ਘਰ ਪੁੱਜਣ 'ਤੇ ਲੱਡੂਆਂ ਨਾਲ ਉਹਨਾਂ ਦਾ ਸੁਆਗਤ ਹੁੰਦਾ ਹੈ ਤੇ ਨਾਲੇ ਸਿੱਠਣੀਆਂ ਦੀ ਬੁਛਾੜ ਸ਼ੁਰੂ ਹੋ ਜਾਂਦੀ ਹੈ:

ਛੱਜ ਓਹਲੇ ਛਾਨਣੀ
ਪਰਾਤ ਉਹਲੇ ਤਵਾ ਓਏ
ਨਾਨਕਿਆਂ ਦਾ ਮੇਲ ਆਇਆ

ਸੂਰੀਆਂ ਦਾ ਰਵਾ ਓਏ

ਛੱਜ ਉਹਲੇ ਛਾਨਣੀ
ਪਰਾਤ ਉਹਲੇ ਗੁੱਛੀਆਂ
ਨਾਨਕਿਆਂ ਦਾ ਮੇਲ ਆਇਆ

ਸੱਭੇ ਰੰਨਾਂ ਲੁੱਚੀਆਂ

ਛੱਜ ਉਹਲੇ ਛਾਨਣੀ
ਪਰਾਤ ਉਹਲੇ ਛੱਜ ਓਏ
ਨਾਨਕਿਆਂ ਦਾ ਮੇਲ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਵਾਲੇ ਘਰ ਹਾਸੇ ਠੱਠੇ ਦਾ ਮਾਹੌਲ ਬਣਿਆਂ ਹੁੰਦਾ ਹੈ। ਇਸੇ ਰੌਲੇ ਰੱਪੇ ਵਿੱਚ ਮਾਸੀ ਜਾਂ ਭੂਆ ਦਾ ਪਰਿਵਾਰ ਅਤੇ ਨਾਨਕਾ ਮੇਲ ਘਰ ਵਿੱਚ ਪ੍ਰਵੇਸ਼ ਕਰਦਾ ਹੈ। ਉਹ ਆਪਣੀ ਪਹੁੰਚ ਸਿੱਠਣੀ ਦੇ ਰੂਪ ਵਿੱਚ ਦੇਂਦੇ ਹਨ:-

ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜ੍ਹੇ
ਸਾਨੂੰ ਚਾਹ ਦੀ ਘੁੱਟ ਪਲਾ ਦੇ
ਫੱਕਰ ਨੀ ਤੇਰੇ ਬਾਹਰ ਖੜ੍ਹੇ

50/ਪੰਜਾਬੀ ਸਭਿਆਚਾਰ ਦੀ ਆਰਸੀ