ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀਂ ਕਰਤੂਤੀ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ
ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਂਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ
ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਆਏ ਬਰਾਤੀਆਂ ਤੇ ਵਿਅੰਗ ਕਸੇ ਜਾਂਦੇ ਹਨ। ਨਾ ਉਹਨਾਂ ਵੱਲੋਂ ਲਿਆਂਦੀ ਵਰੀ ਉਹਨਾਂ ਦੇ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਹਨਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖੌਲ ਉਡਾਉਂਦੀਆਂ ਹਨ : -
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
52 /ਪੰਜਾਬੀ ਸਭਿਆਚਾਰ ਦੀ ਆਰਸੀ