ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੁਸ਼ੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪੰਜਾਬੀ ਜੀਵਨ ਨਾਲ ਜੁੜੀਆਂ ਰਸਮਾਂ ਅਤੇ ਤਿਉਹਾਰ ਉਹ ਅਖਾੜੇ ਹਨ ਜਿੱਥੇ ਪੰਜਾਬੀ ਮੁਟਿਆਰਾਂ ਤੇ ਗੱਭਰੂ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੇ ਹਨ। ਲੋਹੜੀ ਅਤੇ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਉਮਾਹ ਲੈ ਕੇ ਆਉਂਦਾ ਹੈ। ਇਹਨਾਂ ਤਿਉਹਾਰਾਂ ਨਾਲ ਸਬੰਧ ਰੱਖਦੇ ਅਨੇਕਾਂ ਲੋਕ ਗੀਤ ਪੰਜਾਬੀਆਂ ਦਾ ਮਨੋਰੰਜਨ ਕਰਦੇ ਹਨ।

ਤੀਆਂ ਦਾ ਤਿਉਹਾਰ ਵਿਆਹੀਆਂ ਅਤੇ ਕੁਆਰੀਆਂ ਮੁਟਿਆਰਾਂ ਲਈ ਚਾਵਾਂ ਮੱਤਾ ਹੁੰਦਾ ਹੈ ਜਿੱਥੇ ਉਹ ਅਨੇਕਾਂ ਗੀਤ ਗਾ ਕੇ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਕੁੜੀਆਂ ਜਿੱਥੇ ਆਪਣੇ ਪੇਕੇ ਪਰਿਵਾਰ ਦੇ ਜੀਆਂ ਦੀ ਸੁਖ ਮੰਗਦੀਆਂ ਹੋਈਆਂ ਆਪਣੇ ਬਾਬਲ, ਮਾਂ ਅਤੇ ਵੀਰੇ ਨੂੰ ਯਾਦ ਕਰਦੀਆਂ ਹਨ ਉਥੇ ਉਹ ਆਪਣੇ ਸੱਸ-ਸਹੁਰੇ, ਜੇਠ-ਜਠਾਣੀ, ਨਣਦ, ਦਿਉਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾ ਕੇ ਆਪਣੇ ਮਨ ਦੀ ਭੜਾਸ ਕੱਢਦੀਆਂ ਹਨ।

ਤ੍ਰਿੰਜਣ ਪੰਜਾਬੀ ਸਭਿਆਚਾਰ ਦਾ ਵਿਸ਼ੇਸ਼ ਭਾਗ ਰਿਹਾ ਹੈ। ਸਿਆਲ ਦੀਆਂ ਲੰਬੀਆਂ ਰਾਤਾਂ ਨੂੰ ਗਲੀ-ਗੁਆਂਢ ਦੀਆਂ ਕੁੜੀਆਂ ਨੇ ਕੱਠੀਆਂ ਹੋ ਕੇ ਛੋਪ ਕੱਤਣੇ। ਸਾਰੀ-ਸਾਰੀ ਰਾਤ ਚਰਖੇ ਦੀ ਘੂਕਰ ਨਾਲ ਲੰਮੀਆਂ ਹੇਕਾਂ ਵਾਲੇ ਗੀਤੇ ਗਾਉਣੇ। ਤ੍ਰਿੰਜਣ ਦੇ ਗੀਤਾਂ ਵਿੱਚ ਲਾਮ ਤੇ ਗਏ ਮਾਹੀ ਦਾ ਵਿਛੋੜਾ, ਸੱਸ ਨਣਦ ਤੇ ਜਠਾਣੀ ਦੇ ਰੜਕਵੇਂ ਬੋਲਾਂ ਦਾ ਵਰਨਣ, ਵੀਰ ਦਾ ਪਿਆਰ ਅਤੇ ਦਿਲ ਦੇ ਮਹਿਰਮ ਦਾ ਜ਼ਿਕਰ ਵਧੇਰੇ ਹੁੰਦਾ ਸੀ। ਕਿਸੇ ਬਿਰਹੋਂ ਕੁਠੀ ਨੇ ਪੁੰਨੂੰ ਦੀ ਕਹਾਣੀ ਛੁਹ ਦੇਣੀ, ਕਿਸੇ ਜੋਗੀ ਬਣੇ ਰਾਂਝੇ ਦਾ ਗੀਤ ਦਰਦੀਲੇ ਬੋਲਾਂ ਨਾਲ ਗਾਉਣਾ। ਤ੍ਰਿੰਜਣ ਦਾ ਇਕ ਗੀਤ ਹੈ:-

ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਇੱਕ ਰਾਤ ਦੇ ਹਨੇਰੀ

ਦੂਜਾ ਦੇਸ ਵੇ ਪਰਾਇਆ
 

ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ

ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ
 

ਸੁਣ ਊਠਾਂ ਵਾਲਿਓ ਵੇ
ਕੀ ਲਦਲੇ ਸੀ ਰੜਕੇ
ਉਹ ਦਿਨ ਭੁੱਲ ਗਏ ਵੇ

60/ਪੰਜਾਬੀ ਸਭਿਆਚਾਰ ਦੀ ਆਰਸੀ