ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਦੋਂ ਉਠ ਗਏ ਸੀ ਤੜਕੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ

ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ
 

ਸੁਣੋ ਊਠਾਂ ਵਾਲਿਓ ਵੇ ਕੀ ਲੱਦ ਲਈਆਂ ਸੀ ਬਾਹੀਆਂ
ਜੇ ਤੂੰ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੀ ਮਾਏਂ

ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਦੇਸ਼ ਭਗਤਾਂ, ਗੁਰੂਆਂ ਅਤੇ ਪੀਰਾਂ-ਫ਼ਕੀਰਾਂ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਆਉਂਦਾ ਹੈ। ਪੰਜਾਬ ਦੀਆਂ ਪ੍ਰੀਤ ਕਹਾਣੀਆਂ ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ,ਸੱਸੀ ਪੁੰਨੂੰ, ਰੋਡਾ ਜਲਾਲੀ, ਇੰਦਰ ਬੇਗੋ, ਸੋਹਣਾ ਜੈਨੀ ਅਤੇ ਕਾਕਾ ਪ੍ਰਤਾਪੀ ਦੀ ਦਿਲ ਹੂਲਵੀਂ ਮੁਹੱਬਤ ਨੂੰ ਵੀ ਪੰਜਾਬੀ ਮੁਟਿਆਰਾਂ ਨੇ ਬੜੀਆਂ ਲਟਕਾਂ ਨਾਲ਼ ਗਾਂਵਿਆ ਹੈ।

ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ।ਲੋਰੀਆਂ, ਇਕ ਲੜੀਆਂ ਬੋਲੀਆਂ, ਲੰਬੀਆਂ ਬੋਲੀਆਂ, ਘੋੜੀਆਂ, ਵੈਣ, ਸੁਹਾਗ, ਹੇਰੇ, ਸਿੱਠਣੀਆਂ, ਦੋਹੇ, ਮਾਹੀਆ ਅਤੇ ਕਲੀਆਂ ਪੰਜਾਬੀ ਲੋਕ ਗੀਤਾਂ ਦੇ ਵਿਭਿੰਨ ਰੂਪ ਹਨ।

ਗਿੱਧਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜਿਸ ਵਿੱਚ ਅਨੇਕ ਪ੍ਰਕਾਰ ਦੀਆਂ ਇੱਕ ਲੜੀਆਂ ਤੇ ਲੰਬੀਆਂ ਬੋਲੀਆਂ ਪਾ ਕੇ ਨੱਚਿਆ ਜਾਂਦਾ ਹੈ। ਇੱਕ ਲੜੀਆਂ ਬੋਲੀਆਂ ਦੇ ਨਮੂਨੇ ਹਾਜ਼ਰ ਹਨ:-

ਵੀਰਾ ਵੇ ਬੁਲਾ ਸੋਹਣਿਆਂ

ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ
 

ਵੀਰ ਮੇਰਾ ਪਟ ਦਾ ਲੱਛਾ

ਭਾਬੋ ਸੋਨੇ ਦੀ ਝੂਲਦੀ ਆਵੇ
 

ਮੇਰਾ ਵੀਰ ਨੀ ਜਮਾਈ ਠਾਣੇਦਾਰ ਦਾ

ਸੰਮਾਂ ਵਾਲੀ ਡਾਂਗ ਰੱਖਦਾ
 

ਵੇ ਮੈਂ ਤੇਰੀਆਂ ਮਲਾਹਜ਼ੇਦਾਰਾ

ਜੁੱਤੀ ਉੱਤੋਂ ਜਗ ਵਾਰਿਆ
 

ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ

61/ਪੰਜਾਬੀ ਸਭਿਆਚਾਰ ਦੀ ਆਰਸ਼ੀ