ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰੰਤੂ ਇਹ ਗਿੱਧਾ ਪੁਰਾਤਨ ਗਿੱਧੇ ਦਾ ਬਦਲ ਨਹੀਂ। ਇਸ ਗਿੱਧੇ ਵਿੱਚ ਆਮ ਤੌਰ ਤੇ ਰਵਾਇਤੀ ਕਿਸਮ ਦੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ। ਉਂਜ ਵੀ ਪੰਜਾਬ ਦੇ ਲੋਕ ਜੀਵਨ ਵਿੱਚੋਂ ਗਿੱਧਾ ਅਲੋਪ ਹੀ ਹੋ ਗਿਆ ਹੈ। ਵਿਆਹ ਇੱਕੋ ਦਿਨ ਵਿੱਚ ਉਹ ਵੀ ਮੈਰਿਜ ਪੈਲੇਸਾਂ ਵਿੱਚ ਹੋਣ ਲੱਗ ਪਏ ਹਨ। ਨਾਨਕੀਆਂ ਗਿੱਧਾ ਪਾਉਂਦੀਆਂ ਹਨ ਨਾ ਫੜੂਹਾ, ਨਾ ਕਿਧਰੇ ਛੱਜ ਕੁੱਟਿਆ ਜਾਂਦਾ ਹੈ, ਨਾ ਜਾਗੋ ਕੱਢੀ ਜਾਂਦੀ ਹੈ। ਬਸ ਇੱਕ ਹੇਰਵਾ ਹੀ ਰਹਿ ਗਿਆ ਹੈ ਗਿੱਧੇ ਦਾ।

ਗਿੱਧਾ ਕੇਵਲ ਔਰਤਾਂ ਹੀ ਨਹੀਂ ਪਾਉਂਦੀਆਂ ਮਰਦ ਵੀ ਪਾਉਂਦੇ ਹਨ ਪਰੰਤੂ ਇਸ ਗਿੱਧੇ ਦਾ ਰੰਗ ਤੀਵੀਆਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਹੈ ਤਾਂ ਤੀਵੀਆਂ ਵਾਲਾ ਹੀ ਪਰੰਤੂ ਤੀਵੀਂਆਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ। ਕਾਟੋਆਂ, ਖੜਤਾਲਾਂ, ਛੈਣਿਆਂ ਅਤੇ ਬੁਦਕੁਆਂ ਆਦਿ ਲੋਕ ਸਾਜ਼ਾਂ ਦੇ ਤਾਲ ਵਿੱਚ ਬੋਲੀਆਂ ਪਾਉਂਦੇ ਗੱਭਰੂਆਂ ਦੀ ਝਾਲ ਝੱਲੀ ਨਹੀਂ ਜਾਂਦੀ। ਬੋਲੀਆਂ ਦੀ ਛਹਿਬਰ ਲੱਗ ਜਾਂਦੀ ਹੈ। ਮੇਲਿਆਂ ਮਸਾਹਵਿਆਂ ਤੇ ਬੋਲੀਆਂ ਪਾਉਂਦੇ ਗੱਭਰੂਆਂ ਦੀਆਂ ਢਾਣੀਆਂ ਆਮ ਦਿਸ ਆਉਂਦੀਆਂ ਹਨ। ਜੇ ਮਰਦਾਂ ਦੇ ਗਿੱਧੇ ਦਾ ਆਨੰਦ ਮਾਨਣਾ ਹੋਵੇ ਤਾਂ ਛਪਾਰ ਦੇ ਮੇਲੇ 'ਤੇ ਮਾਣਿਆਂ ਜਾ ਸਕਦਾ ਹੈ।

‘ਮਰਦਾਂ ਦੇ ਗਿੱਧੇ' ਦੀ ਪਰੰਪਰਾ ਵੀ ਪੰਜਾਬ ਵਿੱਚੋਂ ਸਮਾਪਤ ਹੋ ਰਹੀ ਹੈ।

ਗਿੱਧਾ ਪੰਜਾਬੀਆਂ ਦਾ ਇੱਕੋ ਇੱਕ ਅਜਿਹਾ ਲੋਕ ਨਾਚ ਹੈ ਜਿਸ ਨਾਲ ਸਬੰਧਿਤ ਹਜ਼ਾਰਾਂ ਬੋਲੀਆਂ ਉਪਲਬਧ ਹਨ। ਸ਼ਾਇਦ ਹੀ ਸੰਸਾਰ ਭਰ ਦੇ ਕਿਸੇ ਨਾਚ ਨਾਲ ਐਨੇ ਗੀਤ ਜੁੜੇ ਹੋਣ। ਭੰਗੜਾ ਪਾਉਣ ਸਮੇਂ ਵੀ ਮੁੱਖ ਤੌਰ ਤੇ ਗਿੱਧੇ ਦੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ।

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਾਪਤ ਹਨ। ਇਹ ਦੋ ਪ੍ਰਕਾਰ ਦੀਆਂ ਹਨ-ਲੰਬੀਆਂ ਬੋਲੀਆਂ ਅਤੇ ਇੱਕ ਲੜੀਆਂ ਬੋਲੀਆਂ... ਇਕ ਲੜੀਆਂ ਬੋਲੀਆਂ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸਭਿਆਚਾਰ ਅਤੇ ਜਨ-ਜੀਵਨ ਦਾ ਦਰਪਣ ਹਨ ਜਿਸ ਵਿੱਚੋਂ ਪੰਜਾਬ ਦੀ ਨੱਚਦੀ, ਗਾਉਂਦੀ ਤੇ ਜੂਝਦੀ ਸੰਸਕ੍ਰਿਤੀ ਦੇ ਦਰਸ਼ਨ ਸੁੱਤੇ ਸਿੱਧ ਹੀ ਕੀਤੇ ਜਾ ਸਕਦੇ ਹਨ। ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਕਤ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿੱਚ ਸਮੋਇਆ ਹੋਇਆ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਬੋਲੀਆਂ ਨਾ ਮਿਲਦੀਆਂ ਹੋਣ। ਇੱਕ ਲੜੀਆਂ ਬੋਲੀਆਂ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੀਆਂ ਹੋਈਆਂ ਹਨ ਜਿਨ੍ਹਾਂ ਨੂੰ ਉਹ ਪਰਮਾਣ ਵਜੋਂ ਆਪਣੇ ਨਿੱਤ-ਵਿਹਾਰ ਵਿੱਚ ਵਰਤਦੇ ਹਨ। ਜੀਵਨ ਦੇ ਤੱਤਾਂ ਨਾਲ ਓਤ-ਪੋਤ ਹਨ ਇਹ ਬੋਲੀਆਂ! ਇਹਨਾਂ ਵਿੱਚ ਪੰਜਾਬੀਆਂ ਦੇ ਅਰਮਾਨਾਂ, ਖ਼ੁਸ਼ੀਆਂ, ਗ਼ਮੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ।

ਇਹ ਬੋਲੀਆਂ ਬਦਲ ਰਹੇ ਪੰਜਾਬੀ ਲੋਕ ਜੀਵਨ ਦੀਆਂ ਬਾਤਾਂ ਪਾਉਂਦੀਆਂ ਹਨ ... ਸੈਂਕੜੇ ਵਰ੍ਹਿਆਂ ਦੇ ਪੁਰਾਣੇ ਪੰਜਾਬ ਦੇ ਸਭਿਆਚਾਰਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਲਕੋਈ ਬੈਠੀਆਂ ਹਨ।

ਇਹ ਪੰਜਾਬੀ ਆਤਮਾ ਦਾ ਲੋਕ ਵੇਦ ਹਨ। ਇਹ ਕਿਸੇ ਇੱਕ ਵਿਅਕਤੀ ਦੀ ਰਚਨਾ

68/ਪੰਜਾਬੀ ਸਭਿਆਚਾਰ ਦੀ ਆਰਸੀ