ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਹੀਂ ਬਲਕਿ ਸਮੂਹਿਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ।

ਪੰਜਾਬੀ ਲੋਕ ਕਾਵਿ ਦੇ ਇਹਨਾਂ ਬੇਸ਼ਕੀਮਤ ਮੋਤੀਆਂ ਨੂੰ ਪਰਖਣ ਅਤੇ ਸਾਂਭਣ ਦਾ ਸਿਹਰਾ ਪੰਜਾਬੀ ਲੋਕ ਗੀਤਾਂ ਦੇ ਪਿਤਾਮਾ ਦੇਵਿੰਦਰ ਸਤਿਆਰਥੀ ਦੇ ਸਿਰ ਬੱਝਦਾ ਹੈ ਜਿਨ੍ਹਾਂ ਨੇ 1936 ਵਿੱਚ ਗਿੱਧੇ ਦੀਆਂ ਬੋਲੀਆਂ ਦਾ ਪ੍ਰਥਮ ਸੰਗ੍ਰਹਿ “ਗਿੱਧਾ" ਪ੍ਰਕਾਸ਼ਿਤ ਕੀਤਾ। ਇਸ ਸੰਗ੍ਰਹਿ ਦੀ ਪੰਜਾਬ ਦੇ ਪ੍ਰਮੁੱਖ ਵਿਦਵਾਨਾਂ ਅਤੇ ਖੋਜੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਆਮ ਪਾਠਕਾਂ ਨੇ ਵੀ ਇਸ ਦਾ ਸੁਆਗਤ ਕੀਤਾ। ਇਸ ਤੋਂ ਪ੍ਰੇਰਨਾ ਲੈ ਕੇ ਕਰਤਾਰ ਸਿੰਘ ਸ਼ਮਸ਼ੇਰ ਨੇ “ਜਿਉਂਦੀ ਦੁਨੀਆਂ" 1949 ਵਿੱਚ ਅਤੇ ਅਵਤਾਰ ਸਿੰਘ ਦਲੇਰ ਨੇ “ਅੱਡੀ ਟੱਪਾ" ਅਤੇ "ਪੰਜਾਬੀ ਲੋਕ ਗੀਤਾਂ ਦੀ ਬਣਤਰ ਤੇ ਵਿਕਾਸ" ਲੋਕ ਗੀਤ ਸੰਗ੍ਰਹਿ ਪ੍ਰਕਾਸ਼ਤ ਕਰਵਾਏ। ਮੇਰਾ ਬੋਲੀਆਂ ਦਾ ਪਹਿਲਾ ਸੰਗ੍ਰਹਿ “ਗਾਉਂਦਾ ਪੰਜਾਬ" 1959 ਵਿੱਚ ਪ੍ਰਕਾਸ਼ਤ ਹੋਇਆ। ਇਸ ਸੰਕਲਨ ਵਿੱਚ ਇੱਕ ਹਜ਼ਾਰ ਤੋਂ ਵੱਧ ਇੱਕ ਲੜੀਆਂ ਬੋਲੀਆਂ ਸ਼ਾਮਲ ਕੀਤੀਆਂ ਗਈਆਂ। ਡਾ.ਨਾਹਰ ਸਿੰਘ ਨੇ ਇਸ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਉਸ ਨੇ ਮਾਲਵੇ ਦੀਆਂ ਬੋਲੀਆਂ ਦੇ ਦੋ ਮਹੱਤਵਪੂਰਨ ਸੰਗ੍ਰਹਿ “ਕਾਲਿਆਂ ਹਰਨਾਂ ਰੋਹੀਏ ਫਿਰਨਾ" ਅਤੇ "ਲੌਂਗ ਬੁਰਜੀਆਂ ਵਾਲਾ"" ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਇਹਨਾਂ ਪੁਸਤਕਾਂ ਤੋਂ ਉਪਰੰਤ 2003 ਵਿੱਚ ਮੇਰਾ ਗਿੱਧੇ ਦੀਆਂ ਬੋਲੀਆਂ ਦਾ ਸੰਗ੍ਰਹਿ “ਖੰਡ ਮਿਸ਼ਰੀ ਦੀਆਂ ਡਲੀਆਂ" ਪ੍ਰਕਾਸ਼ਿਤ ਹੋਇਆ ਹੈ ਜਿਸ ਵਿੱਚ ਦੋ ਹਜ਼ਾਰ ਦੇ ਲਗਭਗ ਬੋਲੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਲੋਕ ਗੀਤ ਸੰਗ੍ਰਹਿ ਕਰਨ ਦਾ ਕਾਰਜ ਕੱਲੇ ਕਾਰੇ ਵਿਅਕਤੀ ਦੇ ਵਸ ਦਾ ਨਹੀਂ...ਇਹ ਕਾਰਜ ਤਾਂ ਸਰਕਾਰੀ ਪੱਧਰ 'ਤੇ ਯੂਨੀਵਰਸਿਟੀਆਂ, ਭਾਸ਼ਾ ਵਿਭਾਗ ਅਤੇ ਸਭਿਆਚਾਰ ਵਿਭਾਗ ਦੇ ਕਰਨ ਦਾ ਹੈ। ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੀਤ ਵਿਖਰੇ ਪਏ ਹਨ-ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਸਾਡੇ ਬਜ਼ੁਰਗਾਂ ਦੀ ਅੰਤਮ ਪੀਹੜੀ ਸਾਥੋਂ ਵਿਛੜਨ ਵਾਲੀ ਹੈ ਇਹਨਾਂ ਦੇ ਵਿਛੜਨ ਨਾਲ ਇਹ ਲੋਕ ਗੀਤ ਵੀ ਗੁਆਚ ਜਾਣਗੇ। ਗਿੱਧੇ ਦੀਆਂ ਬੋਲੀਆਂ ਸਾਡੀ ਮੁਲਵਾਨ ਵਿਰਾਸਤ ਦੇ ਮਾਣਕ ਮੋਤੀ ਹਨ।

69/ ਪੰਜਾਬੀ ਸਭਿਆਚਾਰ ਦੀ ਆਰਸੀ