ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਸ਼ੀਆਂ ਦੀਆਂ ਫੁਹਾਰਾਂ-ਲੁੱਡੀ

ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ। ਇਹ ਆਮ ਕਰਕੇ ਕਿਸੇ ਜਿੱਤ ਦੀ ਖ਼ੁਸ਼ੀ ਵਿੱਚ ਨੱਚਿਆ ਜਾਂਦਾ ਹੈ। ਕਿਸੇ ਮੁਕੱਦਮਾ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿੱਚ ਮੱਲ ਮਾਰੀ ਹੈ ਤਾਂ ਝੱਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ।

ਉਂਜ ਤੇ ਲੁੱਡੀ ਸਾਰੇ ਪੰਜਾਬ ਵਿੱਚ ਪਾਈ ਜਾਂਦੀ ਰਹੀ ਹੈ। ਸਾਂਦਲ ਬਾਰ ਦੇ ਇਲਾਕੇ ਵਿੱਚ ਜਾਂਗਲੀ ਲੋਕ ਝੁਮਰ ਦੇ ਨਾਲ-ਨਾਲ ਲੁੱਡੀ ਵੀ ਪਾਉਂਦੇ ਹਨ। ਮਰਦ ਤੇ ਤੀਵੀਆਂ ਵੱਖਰੇ-ਵੱਖਰੇ ਤੌਰ `ਤੇ ਹੀ ਲੁੱਡੀ ਪਾਉਂਦੇ ਹਨ। ਸਿਆਲਕੋਟ ਅਤੇ ਗੁਜਰਾਂਵਾਲੇ ਦੇ ਇਲਾਕੇ ਵਿੱਚ ਲੁੱਡੀ ਭੰਗੜੇ ਦੇ ਨਾਲੋ-ਨਾਲ ਪਾਈ ਜਾਂਦੀ ਸੀ। ਭੰਗੜਾ ਨਾਚ ਲੁੱਡੀ ਦੇ ਤਾਲ ਨਾਲ ਹੀ ਸ਼ੁਰੂ ਕੀਤਾ ਜਾਂਦਾ ਹੈ। ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਇਕ ਪਿੰਡ ‘ਕੋਰੇ ਕੇ’ ਵਿੱਚ ਗਫੂਰ ਸ਼ਾਹ ਦਾ ਬਹੁਤ ਭਾਰੀ ਮੇਲਾ ਲੱਗਦਾ ਹੈ। ਇਸ ਮੇਲੇ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਭੰਗੜੇ ਅਤੇ ਲੁੱਡੀ ਦੇ ਮੁਕਾਬਲੇ ਹੋਇਆ ਕਰਦੇ ਸਨ। ਐਮਨਾਬਾਦ ਦੀ ਵਿਸਾਖੀ ਤੇ ਵੀ ਇਹ ਮੁਕਾਬਲੇ ਹੁੰਦੇ ਸਨ।ਮਾਲਵੇ ਦੇ ਇਲਾਕੇ ਵਿੱਚ ਵੀ ਗਿੱਧਾ ਪਾਉਂਦੇ ਸਮੇਂ ਮੁਟਿਆਰਾਂ ਲੁੱਡੀ ਪਾਉਂਦੀਆਂ ਹਨ।

ਢੋਲੀ ਆਪਣੇ ਢੋਲ ਤੇ ਡੱਗਾ ਮਾਰਦਾ ਹੈ ਤੇ ਲੁੱਡੀ ਦਾ ਤਾਲ ਵਜਾਉਂਦਾ ਹੈ। ਢੋਲ ਦੀ ਆਵਾਜ਼ ਨਾਲ ਖਚੀਂਦੇ ਗੱਭਰੂ ਢੋਲੀ ਦੇ ਆਲੇ-ਦੁਆਲੇ ਗੋਲ ਦਾਇਰੇ ਵਿੱਚ ਘੇਰਾ ਘੱਤ ਲੈਂਦੇ ਹਨ। ਉਹ ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ, ਲੱਕ ਲਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਅੰਦਰ ਤਾਲ ਵਿੱਚ ਹੌਲੀ-ਹੌਲੀ ਮਸਤ ਚਾਲੇ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਝੁਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁਕ ਕੇ ਮਾਰੀ ਜਾਂਦੀ ਹੈ। ਨਾਲ-ਨਾਲ ਤਾਲ ਤੇਜ਼ ਹੋਈ ਜਾਂਦਾ ਹੈ। ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ ਤੇ ਉਸ ਦੇ ਇਸ਼ਾਰੇ ਨਾਲ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਕੁੱਦਿਆ ਜਾਂਦਾ ਹੈ, ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁੱਕ ਕੇ ਸੱਜੇ ਪੈਰ ਨਾਲ ਕੁੱਦਦੇ ਹਨ ਤੇ ਨਾਲ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਉਏ ਉਏ, ਬੱਗਿਆ ਸ਼ੇਰਾ ਬਾਰ ਬਾਰ ਜੋਸ਼ ਵਿੱਚ ਬੋਲਦੇ ਹਨ। ਕਦੇ ਕਦੇ ਉਹ ਨੱਚਦੇ ਹੋਏ ਇੱਕ ਪੈਰ ਦੇ ਭਾਰ ਬਹਿ ਕੇ ਅੱਧਾਂ ਚੱਕਰ ਕੱਟਦੇ ਹਨ- ਢੋਲੀ ਡੱਗੇ ਤੇ ਡੱਗਾ ਮਾਰੀ ਜਾਂਦਾ ਹੈ ਤੇ ਨਾਚ ਦੀ ਗਤੀ ਤੇਜ਼ ਹੋਈ ਜਾਂਦੀ ਹੈ। ਗੱਭਰੂ ਨੱਚਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ। ਮਸਤੀ ਝੂਮ ਝੂਮ ਜਾਂਦੀ ਹੈ। ਜੇ ਕੋਈ ਹੰਭ ਜਾਵੇ ਤਾਂ ਨਾਚ ਵਿੱਚੇ ਛੱਡ ਕੇ ਬਾਹਰ ਜਾ ਬੈਠਦਾ ਹੈ। ਬਾਹਰ ਬੈਠੀਆਂ ਸੁਆਣੀਆਂ ਤੇ ਆਦਮੀ ਪ੍ਰਸੰਸਾ-ਭਰੀਆਂ ਅੱਖੀਆਂ ਨਾਲ ਨੱਚਦੇ ਗੱਭਰੂਆਂ ਵੱਲ ਵੇਖ ਕੇ ਅਨੰਦ ਮਾਣਦੇ ਹਨ।

72/ਪੰਜਾਬੀ ਸਭਿਆਚਾਰ ਦੀ ਆਰਸੀ